ਸੁਪਰੀਮ ਕੋਰਟ ਵੱਲੋਂ ਜਸਟਿਸ ਵਰਮਾ ਦੇ ਤਬਾਦਲੇ ਦਾ ਮਾਮਲੇ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ
ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 21 ਮਾਰਚ
ਦਿੱਲੀ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦੇ ਘਰੋਂ ਅੱਗ ਬੁਝਾਉਣ ਸਮੇਂ ਕਥਿਤ ਤੌਰ ’ਤੇ ਨਕਦੀ ਮਿਲਣ ਦੇ ਮਾਮਲੇ ਮਗਰੋਂ ਉਨ੍ਹਾਂ ਦਾ ਤਬਾਦਲਾ ਅਲਾਹਾਬਾਦ ਹਾਈ ਕੋਰਟ ’ਚ ਕੀਤੇ ਜਾਣ ਸਬੰਧੀ ਰਿਪੋਰਟਾਂ ਦਰਮਿਆਨ ਸਿਖਰਲੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਤਬਾਦਲੇ ਬਾਰੇ ਗਲਤ ਸੂਚਨਾ ਅਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਜੱਜ ਦੇ ਤਬਾਦਲੇ ਦੀ ਤਜਵੀਜ਼ ਵਿਚਾਰ ਅਧੀਨ ਹੈ। ਸਿਖਰਲੀ ਅਦਾਲਤ ਨੇ ਬਿਆਨ ’ਚ ਸਪੱਸ਼ਟ ਕੀਤਾ ਕਿ ਜਸਟਿਸ ਵਰਮਾ ਦੇ ਅਲਾਹਾਬਾਦ ਹਾਈ ਕੋਰਟ ’ਚ ਤਬਾਦਲੇ ਦੀ ਤਜਵੀਜ਼ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਸ਼ੁਰੂ ਕੀਤੀ ਗਈ ਅੰਦਰੂਨੀ ਜਾਂਚ ਪ੍ਰਕਿਰਿਆ ਨਾਲੋਂ ਵੱਖ ਹੈ। ਬਿਆਨ ’ਚ ਕਿਹਾ ਗਿਆ, ‘‘ਜਸਟਿਸ ਯਸ਼ਵੰਤ ਵਰਮਾ ਨੂੰ ਉਨ੍ਹਾਂ ਦੇ ਮੂਲ ਅਲਾਹਾਬਾਦ ਹਾਈ ਕੋਰਟ ’ਚ ਤਬਾਦਲੇ ਦੀ ਤਜਵੀਜ਼, ਜੋ ਦਿੱਲੀ ਹਾਈ ਕੋਰਟ ’ਚ ਸੀਨੀਆਰਤਾ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਹਨ ਅਤੇ ਕੌਲਿਜੀਅਮ ਦੇ ਮੈਂਬਰ ਵੀ ਹਨ, ਨਿਰਪੱਖ ਅਤੇ ਅੰਦਰੂਨੀ ਜਾਂਚ ਪ੍ਰਕਿਰਿਆ ਨਾਲੋਂ ਵੱਖ ਹੈ। ਤਜਵੀਜ਼ ਦੀ ਭਾਰਤ ਦੇ ਚੀਫ਼ ਜਸਟਿਸ ਦੀ ਅਗਵਾਈ ਹੇਠਲੇ ਕੌਲਿਜੀਅਮ ਵੱਲੋਂ 20 ਮਾਰਚ ਨੂੰ ਪੜਤਾਲ ਕੀਤੀ ਗਈ ਸੀ ਅਤੇ ਇਸ ਮਗਰੋਂ ਸੁਪਰੀਮ ਕੋਰਟ ਦੇ ਸਬੰਧਤ ਜੱਜਾਂ, ਸਬੰਧਤ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਅਤੇ ਜਸਟਿਸ ਯਸ਼ਵੰਤ ਵਰਮਾ ਨੂੰ ਪੱਤਰ ਲਿਖੇ ਗਏ ਸਨ। ਜਵਾਬ ਮਿਲਣ ਮਗਰੋਂ ਉਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਫਿਰ ਕੌਲਿਜੀਅਮ ਮਤਾ ਪਾਸ ਕਰੇਗਾ।’’ ਸੁਪਰੀਮ ਕੋਰਟ ਦੇ ਬਿਆਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੂਚਨਾ ਮਿਲਣ ਮਗਰੋਂ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਜਾਂਚ ਤਹਿਤ ਸਬੂਤ ਅਤੇ ਜਾਣਕਾਰੀ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਖਰਲੀ ਅਦਾਲਤ ਮੁਤਾਬਕ ਹਾਈ ਕੋਰਟ ਦੇ ਚੀਫ਼ ਜਸਟਿਸ ਡੀਕੇ ਉਪਾਧਿਆਏ ਨੇ ਕੌਲਿਜੀਅਮ ਦੀ ਮੀਟਿੰਗ ਤੋਂ ਪਹਿਲਾਂ ਹੀ 20 ਮਾਰਚ ਨੂੰ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਮਿਲਣ ਮਗਰੋਂ ਅੱਗੇ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਮਾਮਲੇ ’ਚ ਨਵਾਂ ਮੋੜ ਉਸ ਸਮੇਂ ਆਇਆ ਜਦੋਂ ਦਿੱਲੀ ਫਾਇਰ ਸਰਵਿਸਿਜ਼ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਅੱਗ ਬੁਝਾਊ ਦਸਤਿਆਂ ਨੂੰ ਜਸਟਿਸ ਵਰਮਾ ਦੀ ਰਿਹਾਇਸ਼ ’ਤੇ ਕੋਈ ਨਕਦੀ ਨਹੀਂ ਮਿਲੀ ਸੀ। ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਰਾਤ 11.35 ਵਜੇ ਵਰਮਾ ਦੀ ਰਿਹਾਇਸ਼ ’ਤੇ ਅੱਗ ਬਾਰੇ ਸੂਚਨਾ ਮਿਲੀ ਸੀ ਅਤੇ ਦੋ ਫਾਇਰ ਟੈਂਡਰ ਰਵਾਨਾ ਕੀਤੇ ਗਏ ਸਨ। ਗਰਗ ਨੇ ਕਿਹਾ ਕਿ ਅੱਗ ਸਟੋਰ ਰੂਮ ’ਚ ਲੱਗੀ ਸੀ ਜਿਥੇ ਸਟੇਸ਼ਨਰੀ ਅਤੇ ਘਰੇਲੂ ਵਸਤਾਂ ਪਈਆਂ ਹੋਈਆਂ ਸਨ ਅਤੇ 15 ਮਿੰਟ ’ਚ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ।