ਸਿਸੋਦੀਆ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ
* ਸੌਰਭ ਭਾਰਦਵਾਜ ਨੂੰ ਦਿੱਲੀ ਇਕਾਈ ਦਾ ਪ੍ਰਧਾਨ ਥਾਪਿਆ
* ਹੋਰ ਸੂਬਿਆਂ ਦੇ ਇੰਚਾਰਜ ਤੇ ਸਹਿ-ਇੰਚਾਰਜ ਵੀ ਬਦਲੇ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਾਰਚ
ਦਿੱਲੀ ਵਿਧਾਨ ਸਭਾ ਵਿੱਚ ਹਾਰ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਆਪਣੀ ਹੋਂਦ ਵਾਲੇ ਮੁੱਖ ਰਾਜਾਂ ਦਿੱਲੀ, ਪੰਜਾਬ, ਗੁਜਰਾਤ ਤੇ ਗੋਆ ਵਿੱਚ ਪਾਰਟੀ ਅੰਦਰ ਸੰਗਠਨਾਤਮਕ ਤਬਦੀਲੀ ਕੀਤੀ ਗਈ ਹੈ, ਜਿਸ ਤਹਿਤ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿਖੇ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੀ ਹੋਈ ਬੈਠਕ ਵਿੱਚ ਲਏ ਗਏ ਫ਼ੈਸਲਿਆਂ ਮੁਤਾਬਕ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਅਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜੈਨ ਸੰਗਠਨਾਤਮਕ ਕੰਮ ਸੰਭਾਲਣਗੇ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਨਿਰਧਾਰਤ ਟੀਚਿਆਂ ਨੂੰ ਲਾਗੂ ਕਰਨ ਵਿੱਚ ਸੂਬਾ ਕਨਵੀਨਰ ਅਤੇ ਅਹੁਦੇਦਾਰਾਂ ਦੀ ਮਦਦ ਕਰਨਗੇ। ਇਸ ਤੋਂ ਇਲਾਵਾ ਸਿਸੋਦੀਆ ‘ਆਪ’ ਦੇ ਵਾਅਦਿਆਂ ਨੂੰ ਲਾਗੂ ਕਰਨ ’ਤੇ ਧਿਆਨ ਦੇਣਗੇ। ਇੰਚਾਰਜਾਂ ਵਜੋਂ ਉਹ ‘ਆਪ’ ਹਾਈਕਮਾਂਡ ਅਤੇ ਪੰਜਾਬ ਯੂਨਿਟ ਦਰਮਿਆਨ ਇਕ ਸੇਤੂ ਦਾ ਕੰਮ ਕਰਨਗੇ। ਦੋਵੇਂ ਆਗੂ ਸੰਗਠਨਾਤਮਕ ਕੰਮ ਤੋਂ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਸਿਹਤ ਅਤੇ ਸਿੱਖਿਆ ਖੇਤਰ ਦੀ ਕਾਇਆਕਲਪ ਕਰਨ ਅਤੇ ਮਜ਼ਬੂਤੀ ਵਿੱਚ ਸਹਾਇਤਾ ਦੇ ਨਾਲ ‘ਪੰਜਾਬ ਮਾਡਲ’ ਬਣਾਉਣ ’ਚ ਮਦਦ ਕਰਨਗੇ। ਸਿਸੋਦੀਆ ਵੱਲੋਂ ਦਿੱਲੀ ਦੀ ਸਿੱਖਿਆ ਨੀਤੀ ਤਹਿਤ ਕਈ ਸੁਧਾਰ ਕੀਤੇ ਗਏ ਸਨ। ਬੈਠਕ ਵਿੱਚ ਗੋਪਾਲ ਰਾਏ ਦੀ ਥਾਂ ਸੌਰਭ ਭਾਰਦਵਾਜ ਨੂੰ ਦਿੱਲੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਮੀਟਿੰਗ ਵਿੱਚ ਦਿੱਲੀ ਲਈ ਪਾਰਟੀ ਦੀਆਂ ਰਣਨੀਤੀਆਂ ਅਤੇ ਪੰਜਾਬ, ਗੁਜਰਾਤ ਤੇ ਗੋਆ ਵਿੱਚ ਇਸ ਦੇ ਵਿਸਥਾਰ ਦੀਆਂ ਯੋਜਨਾਵਾਂ ਬਾਰੇ ਵੀ ਚਰਚਾ ਕੀਤੀ ਗਈ।
ਗੁਪਤਾ ਗੋਆ ਅਤੇ ਗੋਪਾਲ ਰਾਏ ਗੁਜਰਾਤ ਦੇ ਇੰਚਾਰਜ
ਪਾਰਟੀ ਦੀ ਗੋਆ ਇਕਾਈ ਦਾ ਇੰਚਾਰਜ ਪੰਕਜ ਗੁਪਤਾ ਨੂੰ ਲਗਾਇਆ ਗਿਆ ਹੈ ਜਦੋਂ ਕਿ ਅੰਕੁਸ਼ ਨਾਰੰਗ, ਅਭਾਸ਼ ਚੰਦੇਲਾ ਤੇ ਦੀਪਕ ਸਿੰਗਲਾ ਨੂੰ ਸਹਿ-ਇੰਚਾਰਜ ਲਗਾਇਆ ਗਿਆ ਹੈ। ਇਸੇ ਤਰ੍ਹਾਂ ਗੁਜਰਾਤ ਵਿੱਚ ਪਾਰਟੀ ਇੰਚਾਰਜ ਵਜੋਂ ਗੋਪਾਲ ਰਾਏ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਸਹਿ-ਇੰਚਾਰਜ ਦੁਰਗੇਸ਼ ਪਾਠਕ ਨੂੰ ਬਣਾਇਆ ਗਿਆ ਹੈ। ਗੋਪਾਲ ਰਾਏ ਪਹਿਲਾਂ ਦਿੱਲੀ ਦੇ ਇੰਚਾਰਜ ਸਨ। ਸੰਦੀਪ ਪਾਠਕ ਨੂੰ ਛਤੀਸਗੜ੍ਹ ਦਾ ਇੰਚਾਰਜ ਬਣਾ ਕੇ ਵਿਸ਼ੇਸ਼ ਚਾਰਜ ਦਿੱਤਾ ਗਿਆ ਹੈ ਅਤੇ ਛੱਤੀਸਗੜ੍ਹ ਦੇ ਇੰਚਾਰਜ ਤੋਂ ਇਲਾਵਾ ਉਹ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਵਜੋਂ ਵੀ ਆਪਣੀ ਡਿਊਟੀ ਨਿਭਾਉਣਗੇ। ਮਹਿਰਾਜ ਮਲਿਕ ਨੂੰ ਜੰਮੂ ਕਸ਼ਮੀਰ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ।