ਫ਼ਿਲਮ ‘ਵਿੱਕੀ ਡੋਨਰ’ 18 ਨੂੰ ਮੁੜ ਹੋਵੇਗੀ ਰਿਲੀਜ਼
ਨਵੀਂ ਦਿੱਲੀ:
ਅਦਾਕਾਰ ਆਯੂਸ਼ਮਾਨ ਖੁਰਾਣਾ ਅਤੇ ਅਦਾਕਾਰਾ ਯਾਮੀ ਗੌਤਮ ਦੀ ਫ਼ਿਲਮ ‘ਵਿੱਕੀ ਡੋਨਰ’ 18 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਮੁੜ ਰਿਲੀਜ਼ ਹੋਣ ਜਾ ਰਹੀ ਹੈ। ਸ਼ੂਜੀਤ ਸਰਕਾਰ ਵੱਲੋਂ ਨਿਰਦੇਸ਼ਤ ਇਹ ਫ਼ਿਲਮ 2012 ਵਿੱਚ ਵੱਡੇ ਪਰਦੇ ’ਤੇ ਆਈ ਸੀ। ਇਹ ਫ਼ਿਲਮ ਮੁੜ 13 ਸਾਲਾਂ ਬਾਅਦ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਅਦਾਕਾਰ ਜੌਹਨ ਅਬਰਾਹਮ ਨੇ ‘ਵਿੱਕੀ ਡੋਨਰ’ ਨਾਲ ਫ਼ਿਲਮ ਨਿਰਮਾਣ ਕਰਨ ਵਾਲਿਆਂ ਦੀ ਸ਼੍ਰੇਣੀ ਵਿੱਚ ਪਹਿਲਾ ਕਦਮ ਰੱਖਿਆ ਸੀ। ਦਿੱਲੀ ’ਤੇ ਆਧਾਰਿਤ ਇਹ ਫ਼ਿਲਮ ‘ਵਿੱਕੀ ਡੋਨਰ’ ਆਯੂਸ਼ਮਾਨ ਅਤੇ ਯਾਮੀ ਗੌਤਮ ਦੀ ਪਹਿਲੀ ਫ਼ਿਲਮ ਸੀ। ਇਸ ਫ਼ਿਲਮ ਨਾਲ ਦੋਵਾਂ ਨੇ ਬੌਲੀਵੁੱਡ ਵਿੱਚ ਐਂਟਰੀ ਕੀਤੀ ਸੀ। ‘ਸਪਰਮ-ਡੋਨੇਸ਼ਨ’ ਜਿਹੇ ਅਨੋਖੇ ਵਿਸ਼ੇ ਕਾਰਨ ਇਹ ਉਸ ਸਾਲ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ਵਿੱਚੋਂ ਇੱਕ ਰਹੀ ਸੀ। ਫ਼ਿਲਮ ਨੂੰ ਤਿੰਨ ਕੌਮੀ ਫ਼ਿਲਮ ਪੁਰਸਕਾਰ ਵੀ ਮਿਲੇ ਸਨ। ਯਾਮੀ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦੇ ਦੁਬਾਰਾ ਰਿਲੀਜ਼ ਹੋਣ ਬਾਰੇ ਅੱਜ ਜਾਣਕਾਰੀ ਦਿੱਤੀ। ਉਸ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ ਅਤੇ ਲਿਖਿਆ, ‘‘ਉਹ ਫ਼ਿਲਮ ਜਿੱਥੋਂ ਸਾਡੀ ਸ਼ੁਰੂਆਤ ਹੋਈ ਸੀ। ਸਿਨੇਮਾਘਰਾਂ ਵਿੱਚ ਮੁੜ ਮਿਲਦੇ ਹਾਂ। ਤਾਰੀਖ਼ ਯਾਦ ਰੱਖੋ....18 ਅਪਰੈਲ।’’ ਫ਼ਿਲਮ ਵਿੱਚ ਅਨੂ ਕਪੂਰ, ਡੌਲੀ ਆਹਲੂਵਾਲੀਆ ਅਤੇ ਕਮਲੇਸ਼ ਗਿੱਲ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਨੂੰ ਪੀਵੀਆਰ ਆਈਨਾਕਸ ਕਿਊਰੇਟਿਡ ਸ਼ੋਅਜ਼ ਤਹਿਤ ਮੁੜ ਤੋਂ ਰਿਲੀਜ਼ ਕੀਤਾ ਜਾ ਰਿਹਾ ਹੈ। -ਪੀਟੀਆਈ