ਸ਼ਾਹਰੁਖ ਵੱਲੋਂ ਸਿਨੇਮਾ ਟਿਕਟਾਂ ਸਸਤੀਆਂ ਕਰਨ ਦੀ ਵਕਾਲਤ
ਮੁੰਬਈ:
ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਅੱਜ ਇੱਥੇ ਵੇਵਜ਼ ਸਿਖਰ ਸੰਮੇਲਨ ਦੇ ਉਦਘਾਟਨ ਮੌਕੇ ਕਿਹਾ ਕਿ ਜਦੋਂ ਅਸੀਂ ਕੰਮ ਨਹੀਂ ਕਰ ਰਹੇ ਹੁੰਦੇ ਤਾਂ ਅਸੀਂ ‘ਧਿਆਨ ਅਵਸਥਾ’ ਵਿੱਚ ਹੁੰਦੇ ਹਾਂ। ਉਨ੍ਹਾਂ ਨੇ ਸੰਮੇਲਨ ਦੌਰਾਨ ‘‘ਸਫ਼ਰ: ਬਾਹਰੀ ਤੋਂ ਬਾਦਸ਼ਾਹ ਤੱਕ’’ ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਬਹੁਤੇ ਸਿਨੇਮਿਆਂ ’ਚ ਸਸਤੀਆਂ ਟਿਕਟਾਂ ਦੀ ਵਕਾਲਤ ਵੀ ਕੀਤੀ। ਸ਼ਾਹਰੁਖ ਨੇ ਕਿਹਾ, ‘‘ਮੈਂ ਹੁਣ ਵੀ ਮੰਨਦਾ ਹਾਂ ਕਿ ਮੌਜੂਦਾ ਸਮੇਂ ਜ਼ਿਆਦਾ ਸਿਨੇਮਿਆਂ ਦੀ ਲੋੜ ਹੈ। ਸਿਨੇਮੇ ਸਸਤੇ ਹੋਣੇ ਚਾਹੀਦੇ ਹਨ ਤਾਂ ਕਿ ਅਸੀਂ ਦੇਸ਼ ਦੇ ਹਰ ਕੋਨੇ ’ਚ ਲੋਕਾਂ ਨੂੰ ਵੱਧ ਤੋਂ ਵੱਧ ਫ਼ਿਲਮਾਂ ਦਿਖਾ ਸਕੀਏ।’’ ਅਦਾਕਾਰ ਨੇ ਉਮੀਦ ਜ਼ਾਹਿਰ ਕੀਤੀ ਕਿ ਵੇਵਜ਼ ਸੰਮੇਲਨ ਰਾਹੀਂ ਸ਼ੂਟਿੰਗ ਪ੍ਰਕਿਰਿਆ ਸਿਰਫ ਭਾਰਤੀਆਂ ਲਈ ਹੀ ਨਹੀਂ ਬਲਕਿ ਬਾਹਰੋਂ ਆਉਣ ਵਾਲੇ ਲੋਕਾਂ ਲਈ ਵੀ ਸੁਖਾਲੀ ਹੋ ਜਾਵੇਗੀ। ਸ਼ਾਹਰੁਖ ਖ਼ਾਨ ਨੇ ਨਿਰਦੇਸ਼ਕ ਕਰਨ ਜੌਹਰ ਤੇ ਅਦਾਕਾਰਾ ਦੀਪਿਕਾ ਪਾਦੂਕੋਨ ਨਾਲ ਚਰਚਾ ’ਚ ਕਿਹਾ, ‘‘ਮੈਂ ਬਹੁਤ ਜ਼ਿਆਦਾ ਕੰਮ ਕਰਨ ਜਾਂ ਜ਼ਿਆਦਾ ਸੋਚ-ਵਿਚਾਰ ਵਿੱਚ ਨਹੀਂ ਪੈਂਦਾ। ਜਦੋਂ ਮੈਂ ਫ਼ਿਲਮ ਦੇ ਸੈੱਟ ’ਤੇ ਨਹੀਂ ਹੁੰਦਾ ਹਾਂ ਤਾਂ ਮੈਂ ਕੁਝ ਨਹੀਂ ਕਰਦਾ। ਮੈਂ ਧਿਆਨ ਅਵਸਥਾ ’ਚ ਰਹਿੰਦਾ ਹਾਂ।’’ -ਪੀਟੀਆਈ