ਫ਼ਤਹਿ ਮਾਰਚ ਤੋਂ ਪਹਿਲਾਂ ਬਣੇੇਗੀ ਚੱਪੜਚਿੜੀ ਦੀ ਸੜਕ: ਕੁਲਵੰਤ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 2 ਅਪਰੈਲ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਾਰਟੀ ਦਫ਼ਤਰ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਕਈ ਕਲੋਨੀ ਵਾਸੀਆਂ ਨੇ ਬਿਜਲੀ-ਪਾਣੀ, ਸੀਵਰੇਜ, ਸਫ਼ਾਈ ਅਤੇ ਨੀਲੇ ਕਾਰਡਾਂ ਦਾ ਮੁੱਦਾ ਚੁੱਕਿਆ ਜਦੋਂਕਿ ਕਈ ਵਿਅਕਤੀਆਂ ਨੇ ਸ਼ਹਿਰ ਦੀਆਂ ਅੰਦਰੂਨੀ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ। ਵਿਧਾਇਕ ਕੁਲਵੰਤ ਸਿੰਘ ਨੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਲਿੰਕ ਸੜਕਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਬਣਾਉਣ ਲਈ ਸੂਬਾ ਸਰਕਾਰ ਨੂੰ ਕਰੀਬ 15 ਕਰੋੜ ਰੁਪਏ ਐਸਟੀਮੇਟ ਤਿਆਰ ਕਰਕੇ ਭੇਜੇ ਗਏ ਹਨ ਅਤੇ ਪ੍ਰਵਾਨਗੀ ਮਿਲਣ ਤੋਂ ਤੁਰੰਤ ਬਾਅਦ ਲਿੰਕ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਫ਼ਤਹਿ ਮਾਰਚ ਤੋਂ ਪਹਿਲਾਂ ਇਤਿਹਾਸਕ ਪਿੰਡ ਚੱਪੜਚਿੜੀ ਦੀ ਲਿੰਕ ਸੜਕ ਬਣਾ ਦਿੱਤੀ ਜਾਵੇਗੀ ਜਦੋਂਕਿ ਸ਼ਹਿਰ ਦੀਆਂ ਸੜਕਾਂ ਲਈ ਸਥਾਨਕ ਸਰਕਾਰਾਂ ਵਿਭਾਗਾਂ ਅਤੇ ਗਮਾਡਾ ਨੂੰ ਕਿਹਾ ਗਿਆ ਹੈ। ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬਰਨਾਲਾ, ਆਰਪੀ ਸ਼ਰਮਾ, ਸਰਕਲ ਪ੍ਰਧਾਨ ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਬਿੱਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਬੈਡਮਿੰਟਨ ਕੋਰਟ ਦਾ ਉਦਘਾਟਨ
ਐੱਸਏਐੱਸ ਨਗਰ (ਮੁਹਾਲੀ) (ਕਰਮਜੀਤ ਚਿੱਲਾ): ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੇ ਸ਼ਹਿਰ ਦੇ ਵਾਰਡ ਨੰਬਰ 50 ਫੇਜ਼-1 ਵਿਖੇ ਪਾਰਕ ਨੰਬਰ 2 ਵਿੱਚ ਨਗਰ ਨਿਗਮ ਵੱਲੋਂ ਤਿਆਰ ਕੀਤੇ ਗਏ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ। ਇਸ ਬੈਡਮਿੰਟਨ ਕੋਰਟ ਦਾ ਰਕਬਾ 59 ਗੁਣਾਂ 32 ਫੁੱਟ ਹੈ। ਬੈਡਮਿੰਟਨ ਕੋਰਟ ਨੂੰ ਨਗਰ ਨਿਗਮ ਵੱਲੋਂ 10.71 ਲੱਖ ਰੁਪਏ ਦੇ ਖਰਚੇ ਤੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਪਰਮਿੰਦਰ ਪਾਲ ਸਿੰਘ ਸੰਧੂ ਕਮਿਸ਼ਨਰ ਨਗਰ ਨਿਗਮ, ਨਰੇਸ਼ ਕੁਮਾਰ ਬੱਤਾ ਚੀਫ ਇੰਜੀਨੀਅਰ ਨਗਰ ਨਿਗਮ, ਐਕਸ਼ੀਅਨ ਸੁਨੀਲ ਕੁਮਾਰ, ਸੁਭਾਸ਼ ਸ਼ਰਮਾ ਵਾਈਸ ਚੇਅਰਮੈਨ ਜਲ ਸਪਲਾਈ ਅਤੇ ਸੀਵਰੇਜ ਬੋਰਡ, ਗੁਰਮੀਤ ਕੌਰ ਐੱਮਸੀ, ਹਰਬਿੰਦਰ ਸਿੰਘ ਸੈਣੀ ਬਲਾਕ ਪ੍ਰਧਾਨ, ਹਰਮੇਸ਼ ਸਿੰਘ ਕੁੰਭੜਾ, ਸਤਨਾਮ ਸਿੰਘ ਦਾਊਂ ਆਦਿ ਹਾਜ਼ਰ ਸਨ।