ਪੱਲੇਦਾਰ ਦੀ ਹੱਤਿਆ ਦੇ ਦੋਸ਼ ਹੇਠ ਦੋ ਕਾਬੂ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਅਪਰੈਲ
ਇੱਥੋਂ ਦੀ ਅਨਾਜ ਮੰਡੀ ਵਿੱਚ ਕੱਲ੍ਹ ਦੇ ਬਾਹਰ ਇਕ ਪੱਲੇਦਾਰ ਦਾ ਕਤਲ ਕਰ ਕੇ ਭੱਜੇ ਦੋ ਵਿਅਕਤੀਆਂ ਨੂੰ ਪੁਲੀਸ ਨੇ ਮੁੱਖ ਥਾਣਾ ਅਫ਼ਸਰ ਸਿਟੀ ਰਾਜਪੁਰਾ ਕਿਰਪਾਲ ਸਿੰਘ ਮੋਹੀ ਦੀ ਅਗਵਾਈ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ 24 ਅਪਰੈਲ ਨੂੰ ਦੋ ਵਿਅਕਤੀ ਹੁੱਲੜਬਾਜ਼ੀ ਕਰਦੇ ਹੋਏ ਦੁਕਾਨ ਨੰਬਰ 72 ਅਨਾਜ ਮੰਡੀ ਰਾਜਪੁਰਾ ਦੇ ਬਾਹਰ ਆਏ ਅਤੇ ਉੱਥੇ ਬੈਠੇ ਰਾਹੁਲ (21) ਪੁੱਤਰ ਵਿਨੋਦ ਰਾਏ ਵਾਸੀ ਬਿਹਾਰ ਹਾਲ ਵਾਸੀ ਦੁਕਾਨ ਨੰਬਰ-71 ਨਵੀਂ ਅਨਾਜ ਮੰਡੀ ਰਾਜਪੁਰਾ ਟਾਊਨ ’ਤੇ ਹਮਲਾ ਕਰ ਕੇ ਉਸ ਦੇ ਸਿਰ ਵਿੱਚ ਲੋਹੇ ਦਾ ਫੌੜ੍ਹਾ ਮਾਰ ਕੇ ਸੱਟਾਂ ਮਾਰ ਦਿੱਤੀਆਂ ਜਿਸ ਕਰਕੇ ਰਾਹੁਲ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿੱਚ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਜੁਜਨੂੰ ਵਾਸੀ ਪਿੰਡ ਆਕੜ ਥਾਣਾ ਖੇੜੀ ਗੰਡਿਆਂ ਹਾਲ ਵਾਸੀ ਪਿੰਡ ਸੈਦਖੇੜੀ ਅਤੇ ਅਮਨਦੀਪ ਕੁਮਾਰ ਵਾਸੀ ਅੰਬਾਲਾ ਹਾਲ ਵਾਸੀ ਚੂਨਾ ਭੱਠੀ ਨੂੰ ਮਾਮਲਾ ਦਰਜ ਹੋਣ ਦੇ 12 ਘੰਟੇ ਦੇ ਅੰਦਰ ਅੰਦਰ ਹੀ ਗ੍ਰਿਫ਼ਤਾਰ ਕੀਤਾ ਕਰ ਲਿਆ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਥਾਣਾ ਮੁਖੀ ਮੋਹੀ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।