ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ: ਸ਼ਰਮਾ
ਜਸਵੀਰ ਸਿੰਘ ਬਰਾੜ
ਦੋਦਾ, 8 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਹਮਲੇ ਦੇ ਰੋਸ ਵਜੋਂ ਹਲਕਾ ਗਿੱਦੜਬਾਹਾ ਦੇ ਬੀਜੇਪੀ ਆਗੂ ਪ੍ਰਿਤਪਾਲ ਸ਼ਰਮਾ ਦੀ ਅਗਵਾਈ ਹੇਠ ਦੋਦਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ਼ਰਮਾ ਨੇ ਕਿਹਾ ਕਿ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਅਤੀ ਚਿੰਤਾਜਨਕ ਹੈ। ਇਥੇ ਕੋਈ ਆਪਣੇ ਆਪ ਨੂੰ ਸਰੁੱਖਿਅਤ ਨਹੀਂ ਸਮਝ ਰਿਹਾ। ਪੰਜਾਬ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਕਿਹਾ ਕਿ ਕਿਸੇ ਗਰੀਬ ਦਾ ਮਕਾਨ ਢਾਹ ਕੇ ਵਿਖਾਉਣਾ ਕੋਈ ਸਹੀ ਗੱਲ ਨਹੀਂ, ਜੇ ਪਰਿਵਾਰ ਦਾ ਇਕ ਵਿਅਕਤੀ ਦੋਸ਼ੀ ਹੈ ਤਾਂ ਦੂਜੇ ਪਰਿਵਾਰ ਦਾ ਕੀ ਕਸੂਰ ਹੈ? ਸਰਕਾਰ ਨੂੰ ਪਹਿਲਾਂ ਆਪਣੀ ਪੀੜੀ ਥੱਲੇ ਸੋਟੀ ਫੇਰਨ ਦੀ ਲੋੜ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਪੁਲੀਸ ’ਚੋਂ ਨਸ਼ੇ ਸਮੇਤ ਫੜੇ ਜਾ ਰਹੇ ਮੁਲਾਜ਼ਮਾਂ ਦੇ ਘਰਾਂ ’ਤੇ ਕਦੋਂ ਬਲਡੋਜ਼ਰ ਚੱਲਣਗੇ? ਹੱਕੀ ਮੰਗਾਂ ਮੰਗਦਿਆਂ ਮੁਲਾਜ਼ਮਾਂ, ਕਿਸਾਨਾਂ ਆਦਿ ’ਤੇ ਡਾਂਗ ਵਰ੍ਹਾਈ ਜਾ ਰਹੀ ਹੈ। ਸਿਰਫ ਦਹਿਸ਼ਤ ਪਾਉੁਣ ਲਈ ਲੋਕਾਂ ਤੋਂ ਸ਼ੰਘਰਸ਼ ਕਰਨ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਸੂਬੇ ਲੋਕ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।