ਪੰਜਾਬ ਸਪੋਰਟਸ ਕਲੱਬ ਨੇ ਜਿੱਤਿਆ ਪ੍ਰੋ ਹਾਕੀ ਲੀਗ ਦਾ ਖਿਤਾਬ
ਸੁਖਵੀਰ ਗਰੇਵਾਲ
ਕੈਲਗਰੀ: ਪੰਜਾਬ ਸਪੋਰਟਸ ਕਲੱਬ ਅਤੇ ਯੂਨਾਈਟਿਡ ਫੀਲਡ ਹਾਕੀ ਕਲੱਬ ਵੱਲੋਂ ਜੈਨੇਸਿਸ ਸੈਂਟਰ ਵਿੱਚ ਸਾਂਝੇ ਤੌਰ ’ਤੇ ਕਰਵਾਈ ਗਈ ਪ੍ਰੋ ਹਾਕੀ ਲੀਗ ਵਿੱਚ ਪੰਜਾਬ ਸਪੋਰਟਸ ਕਲੱਬ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਅਤੇ ਯੂਨਾਈਟਿਡ ਫੀਲਡ ਹਾਕੀ ਕਲੱਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਈ ਇਸ ਲੀਗ ਵਿੱਚ 6 ਟੀਮਾਂ ਵੱਲੋਂ 70 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।
ਲੀਗ ਦੇ ਪਲੇਅ-ਆਫ ਤੋਂ ਪਹਿਲਾਂ ਹਾਕਸ ਕਲੱਬ, ਪੰਜਾਬ ਕਲੱਬ, ਯੂਨਾਈਟਿਡ ਕਲੱਬ, ਫਰੈਂਡਜ਼ ਕਲੱਬ, ਕੈਲਗਰੀ ਕਲੱਬ ਅਤੇ ਯੂਨਾਈਟਿਡ ਸਟਾਰ ਦੇ ਹਿੱਸੇ 22-22 ਮੈਚ ਆਏ। ਪੰਜਾਬ ਸਪੋਰਟਸ ਕਲੱਬ ਅਤੇ ਯੂਨਾਈਟਿਡ ਫੀਲਡ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ ਫਾਈਨਲ ਮੈਚ ਬਹੁਤ ਹੀ ਦਿਲਚਸਪ ਰਿਹਾ ਜਿਸ ਵਿੱਚ ਪੰਜਾਬ ਸਪੋਰਟਸ ਕਲੱਬ ਦੀ ਟੀਮ 8-4 ਫਰਕ ਨਾਲ ਜੇਤੂ ਰਹੀ। ਇਨ੍ਹਾਂ ਦੋਵੇਂ ਕਲੱਬਾਂ ਦੀਆਂ ਜੂਨੀਅਰ ਟੀਮਾਂ ਵਿਚਕਾਰ ਇੱਕ ਸ਼ੋਅ ਮੈਚ ਵੀ ਖੇਡਿਆ ਗਿਆ। ਵਧੀਆ ਕਾਰਗੁਜ਼ਾਰੀ ਲਈ ਕੁੱਝ ਖਿਡਾਰੀਆਂ ਨੂੰ ਵਿਅਕਤੀਗਤ ਐਵਾਰਡ ਦਿੱਤੇ ਗਏ ਜਿਨ੍ਹਾਂ ਵਿੱਚ ਦਲਜੀਤ ਮੀਨੀਆਂ (ਬਿਹਤਰੀਨ ਖਿਡਾਰੀ), ਰਾਜਵੀਰ ਬਾਜਵਾ (ਬਿਹਤਰੀਨ ਗੋਲਕੀਪਰ), ਸੁਖਦੀਪ ਗਿੱਲ ਭਮਿ ਮਾਣੂਕੇ (ਬਿਹਤਰੀਨ ਸਮਰਪਿਤ ਖਿਡਾਰੀ) ਅਤੇ ਅਰਸ਼ ਬਰਾੜ (ਰਾਈਸਿੰਗ ਸਟਾਰ) ਸ਼ਾਮਲ ਹਨ। ਇਸ ਤੋਂ ਇਲਾਵਾ ਅਜਮੇਰ ਭੋਲਾ ਅਤੇ ਗੈਰੀ ਚੀਮਾ ਨੂੰ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਸਨਮਾਨ ਦਿੱਤੇ ਗਏ। ਕਲੱਬ ਵੱਲੋਂ ਸਾਰੇ ਸਪਾਂਸਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਕੈਪਸ਼ਨ: ਪ੍ਰੋ ਲੀਗ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਪੰਜਾਬ ਸਪੋਰਟਸ ਕਲੱਬ ਦੀ ਟੀਮ