ਪੰਜਾਬ ਕਿੰਗਜ਼ ਨੇ ਲਖਨਊ ਸੁਪਰਜਾਇੰਟਸ ਨੂੰ ਅੱਠ ਵਿਕਟਾਂ ਨਾਲ ਹਰਾਇਆ
ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਪ੍ਰਭਸਿਮਰਨ ਸਿਘ ਤੇ ਕਪਤਾਨ ਸ਼੍ਰੇਅਸ ਅਈਅਰ ਦੇ ਨੀਮ ਸੈਂਕੜਿਆਂ ਸਦਕਾ ਪੰਜਾਬ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਲਖਨਊ ਸੁਪਰਜਾਇੰਟਸ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਕਿੰਗਜ਼ ਨੇ ਪਹਿਲਾਂ ਲਖਨਊ ਨੂੰ 171/7 ਦੇ ਸਕੋਰ ’ਤੇ ਰੋਕ ਦਿੱਤਾ ਤੇ ਫਿਰ ਜਿੱਤ ਲਈ ਲੋੜੀਂਦਾ 172 ਦੌੜਾਂ ਦਾ ਟੀਚਾ 16.2 ਓਵਰਾਂ ’ਚ 177 ਦੌੜਾਂ ਬਣਾਉਂਦਿਆਂ ਹਾਸਲ ਕਰ ਲਿਆ।
ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ 69 ਦੌੜਾਂ ਦੀ ਪਾਰੀ ਖੇਡੀ ਜਦਕਿ ਕਪਤਾਨ ਸ਼੍ਰੇਅਸ ਅਈਅਰ ਨੇ ਨਾਬਾਦ 52 ਦੌੜਾਂ ਤੇ ਐੱਨ. ਵਡੇਰਾ ਨੇ 43 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਪ੍ਰਭਸਿਮਰਨ ਨੇ ਆਪਣੀ ਪਾਰੀ ਦੌਰਾਨ ਨੌਂ ਚੌਕੇ ਅਤੇ ਤਿੰਨ ਛੱਕੇ ਜੜੇ। ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ 52 ਦੌੜਾਂ ਦੀ ਪਾਰੀ ’ਚ ਤਿੰਨ ਚੌਕੇ ਤੇ ਚਾਰ ਛੱਕੇ ਮਾਰੇ। ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ 8 ਦੌੜਾਂ ਬਣਾ ਕੇ ਆਊਟ ਹੋਇਆ। ਲਖਨਊ ਵੱਲੋਂ ਦੋਵੇਂ ਵਿਕਟਾਂ ਦਿਗਵੇਸ਼ ਸਿੰਘ ਰਾਠੀ ਨੇ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਲਖਨਊ ਸੁਪਰਜਾਇੰਟਸ ਦੀ ਟੀਮ 20 ਓਵਰਾਂ ’ਚ 7 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਨਿਕੋਲਸ ਪੂਰਨ ਨੇ 44 ਦੌੜਾਂ, ਆਯੂਸ਼ ਬਦੋਨੀ ਨੇ 41, ਐਡਨ ਮਾਰਕਰਾਮ ਨੇ 28, ਡੇਵਿਡ ਮਿਲਰ ਨੇ 19 ਤੇ ਅਬਦੁਲ ਸਮਦ ਨੇ 27 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵੱਲੋਂ ਅਰਸ਼ਦੀਪ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਲੌਕੀ ਫਰਗੂਸਨ, ਗਲੈਨ ਮੈਕਸਵੈੱਲ, ਮਾਰਕੋ ਜਾਨਸਨ ਤੇ ਯੁਜਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ। ਪੰਜਾਬ ਦੇ ਕਿੰਗਜ਼ ਦੇ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। -ਪੀਟੀਆਈ