ਆਈਪੀਐੱਲ: ਮੁੰਬਈ ਇੰਡੀਅਨਜ਼ ਤੇ ਲਖਨਊ ਸੁਪਰਜਾਇੰਟਸ ਅੱਜ ਹੋਣਗੇ ਆਹਮੋ-ਸਾਹਮਣੇ
ਲਖਨਊ, 3 ਅਪਰੈਲ
ਮੁੰਬਈ ਇੰਡੀਅਨਜ਼ ਤੇ ਲਖਨਊ ਸੁਪਰਜਾਇੰਟਸ ਦੀਆਂ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਵਿੱਚ 4 ਅਪਰੈਲ ਨੂੰ ਇਥੇ ਆਹਮੋ ਸਾਹਮਣੇ ਹੋਣਗੀਆਂ। ਮੈਚ ਦੌਰਾਨ ਸਭ ਦੀਆਂ ਨਜ਼ਰਾਂ ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਦੇ ਪ੍ਰਦਰਸ਼ਨ ’ਤੇ ਰਹਿਣਗੀਆਂ।
ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਇਸ ਸੈਸ਼ਨ ’ਚ ਹਾਲੇ ਤੱਕ ਪ੍ਰਦਰਸ਼ਨ ਵਧੀਆ ਨਹੀਂ ਤੇ ਟੀਮ ਦੇ ਤਿੰਨ ਮੈਚਾਂ ਵਿੱਚੋਂ ਸਿਰਫ ਦੋ ਅੰਕ ਹਨ। ਰੋਹਿਤ ਸ਼ਰਮਾ ਦਾ ਲੈਅ ’ਚ ਨਾ ਹੋਣਾ ਮੁੰਬਈ ਲਈ ਚਿੰਤਾ ਹੈ। ਲਖਨਊ ਦੇ ਕਪਤਾਨ ਰਿਸ਼ਭ ਪੰਤ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ, ਜੋ ਦੌੜਾਂ ਬਣਾਉਣ ਲਈ ਜੂਝ ਰਹੇ ਹਨ। ਦੋਵਾਂ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦਾ ਅਸਰ ਸਾਫ ਨਜ਼ਰ ਆ ਰਿਹਾ ਹੈ। ਦੋਵਾਂ ਟੀਮਾਂ ਨੇ ਹਾਲੇ ਤਿੰਨਾਂ ਵਿੱਚੋਂ ਇੱਕ-ਇੱਕ ਮੈਚ ਜਿੱਤਿਆ ਹੈ ਤੇ ਅਜਿਹੇ ’ਚ ਸ਼ੁੱਕਰਵਾਰ ਨੂੰ ਦੋਵੇਂ ਟੀਮਾਂ ਨੂੰ ਜਿੱਤ ਲਈ ਪੂਰੀ ਵਾਹ ਲਾਉਣੀ ਪਵੇਗੀ।
ਮੁੰਬਈ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸੱਟ ਵੀ ਚਿੰਤਾ ਦਾ ਵਿਸ਼ਾ ਹੈ। ਬੁਮਰਾਹ ਦੀ ਵਾਪਸੀ ਕਦੋਂ ਹੋਵੇਗੀ?, ਇਸ ਸਬੰਧੀ ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਟੀਮ ਨੇ ਚੁੱਪ ਵੱਟੀ ਹੋਈ ਹੈ। ਹਾਲਾਂਕਿ ਨੌਜਵਾਨ ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ ਨੇ ਪਿਛਲੇ ਮੈਚ ’ਚ ਕੋਲਕਾਤਾ ਨਾਈਟਰਾਈਡਰਜ਼ ਵਿਰੁੱਧ ਵਧੀਆ ਪ੍ਰਦਰਸ਼ਨ ਕਰਦਿਆਂ ਟੀਮ ’ਚ ਨਵੀਂ ਉਮੀਦ ਜਗਾਈ ਹੈ। ਪੰਜਾਬ ਦੇ ਵਸਨੀਕ ਅਸ਼ਵਨੀ ਨੇ ਪਿਛਲੇ ਮੈਚ ਵਿੱਚ ਚਾਰ ਵਿਕਟਾਂ ਲਈਆਂ ਸਨ।
ਟੀਮ ਦੀ ਜਿੱਤ ਲਈ ਬੱਲੇਬਾਜ਼ ਰਿਆਨ ਰਿਕਲਟਨ ਨੂੰ ਪਿਛਲੇ ਮੈਚ ਵਾਂਗ ਵਧੀਆ ਪ੍ਰਦਰਸ਼ਨ ਜਾਰੀ ਰੱਖਣਾ ਪਵੇਗਾ ਤੇ ਰੋਹਿਤ ਤੇ ਸੂਰਿਆਕੁਮਾਰ ਯਾਦਵ ਨੂੰ ਵੱਡੀ ਭੂਮਿਕਾ ਨਿਭਾਉਣੀ ਪਵੇਗੀ। -ਪੀਟੀਆਈ