ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਅੱਜ ਤੋਂ
ਝਾਂਸੀ, 3 ਅਪਰੈਲ
ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਇੱਥੇ 4 ਤੋਂ 15 ਅਪਰੈਲ ਤੱਕ ਕਰਵਾਈ ਜਾਵੇਗੀ, ਜਿਸ ਵਿੱਚ ਨਵੇਂ ਫਾਰਮੈਟ ਅਨੁਸਾਰ ਤਿੰਨ ਡਵੀਜ਼ਨਾਂ ’ਚ 30 ਟੀਮਾਂ ਹਿੱਸਾ ਲੈਣਗੀਆਂ।
ਇਹ ਪਹਿਲੀ ਵਾਰ ਹੈ, ਜਦੋਂ ਮੇਜਰ ਧਿਆਨਚੰਦ ਹਾਕੀ ਸਟੇਡੀਅਮ ’ਚ ਹੋਣ ਵਾਲਾ ਪੁਰਸ਼ ਟੂਰਨਾਮੈਂਟ ਤਿੰਨ ਡਵੀਜ਼ਨ ਦੇ ਨਵੇਂ ਫਾਰਮੈਟ ’ਚ ਖੇਡਿਆ ਜਾਵੇਗਾ। ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਵੀ ਇਸੇ ਨਵੇਂ ਫਾਰਮੈਟ ’ਚ ਕਰਵਾਈ ਗਈ ਸੀ। ਇਸ ਘਰੇਲੂ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਪ੍ਰਮੋਸ਼ਨ (ਸਿਖਰਲੀ ਡਵੀਜ਼ਨ ’ਚ ਜਗ੍ਹਾ ਬਣਾਉਣ) ਅਤੇ ਰੈਲੀਗੇਸ਼ਨ (ਹੇਠਲੀ ਡਵੀਜ਼ਨ ’ਚ ਖਿਸਕਣ) ਦੀ ਵਿਵਸਥਾ ਸ਼ਾਮਲ ਹੈ। ਇਸ ਕਰਕੇ ਟੀਮਾਂ ਨੂੰ ਤਿੰਨ ਡਵੀਜ਼ਨਾਂ ‘ਏ’, ‘ਬੀ’ ਤੇ ‘ਸੀ’ ਵਿੱਚ ਵੰਡਿਆ ਗਿਆ ਹੈ। ਡਵੀਜ਼ਨ ‘ਏ’ ਸਿਖ਼ਰਲੀ ਡਵੀਜ਼ਨ ਹੋਵੇਗੀ ਕਿਉਂਕਿ ਇਸ ਵਿਚੋਂ ਟੀਮਾਂ ਚੈਂਪੀਅਨਸ਼ਿਪ ਦੇ ਖ਼ਿਤਾਬ ਲਈ ਦਾਅਵਾ ਪੇਸ਼ ਕਰਨਗੀਆਂ। ਡਵੀਜ਼ਨ ‘ਬੀ’ ਵਿੱਚ ਟੀਮਾਂ ਅਗਲੇ ਸੈਸ਼ਨ ਲਈ ਡਵੀਜ਼ਨ ‘ਏ’ ਵਿੱਚ ਜਦਕਿ ਡਵੀਜ਼ਨ ‘ਸੀ’ ਵਿੱਚੋਂ ਟੀਮਾਂ ਅਗਲੀ ਚੈਂਪੀਅਨਸ਼ਿਪ ਲਈ ਡਵੀਜ਼ਨ ‘ਬੀ’ ਵਿੱਚ ਜਗ੍ਹਾ ਬਣਾਉਣ ਲਈ ਮੁਕਾਬਲਾ ਕਰਨਗੀਆਂ। ਡਵੀਜ਼ਨ ‘ਬੀ’ ਅਤੇ ‘ਸੀ’ ਦੇ ਮੈਚ 4 ਅਪਰੈਲ ਤੋਂ ਜਦਕਿ ਡਵੀਜ਼ਨ ‘ਏ’ ਮੈਚ 8 ਅਪਰੈਲ ਤੋਂ ਸ਼ੁਰੂ ਹੋਣਗੇ। -ਪੀਟੀਆਈ