ਸੰਯੁਕਤ ਰਾਸ਼ਟਰ ਖੇਡਾਂ: ਭਾਰਤ ਯੋਗ ਤੇ ਸ਼ਤਰੰਜ ’ਚ ਕਰੇਗਾ ਅਗਵਾਈ
ਸੰਯੁਕਤ ਰਾਸ਼ਟਰ, 3 ਅਪਰੈਲ
ਭਾਰਤ ਖੇਡਾਂ ਰਾਹੀਂ ਕੂਟਨੀਤੀ ਤੇ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ ਦੂਜੀਆਂ ਸੰਯੁਕਤ ਰਾਸ਼ਟਰ ਖੇਡਾਂ ’ਚ ਯੋਗ ਅਤੇ ਸ਼ਤਰੰਜ ਆਦਿ ਖੇਡਾਂ ’ਚ ਅਗਵਾਈ ਕਰੇਗਾ। ਭਾਰਤ ਇਨ੍ਹਾਂ ਖੇਡਾਂ ਦਾ ਸਹਿ-ਪ੍ਰਬੰਧਕ ਹੈ ਜਦਕਿ ਤੁਕਰਮੇਨਿਸਤਾਨ ਯੂਐੱਨ ਖੇਡ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ। ਸੰਯੁਕਤ ਰਾਸ਼ਟਰ ਖੇਡਾਂ ਦਾ ਉਦਘਾਟਨੀ ਸਮਾਗਮ ਬੁੱਧਵਾਰ ਨੂੰ ਯੂਐੱਨ ਹੈੱਡਕੁਆਰਟਰ ’ਚ ਕਰਵਾਇਆ ਗਿਆ। ਸੰਯੁਕਤ ਰਾਸ਼ਟਰ (ਯੂਐੱਨ) ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਸਫ਼ੀਰ ਪਾਰਵਥਾਨੇਨੀ ਹਰੀਸ਼ ਨੇ ਬੁੱਧਵਾਰ ਨੂੰ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਦੂਜੀਆਂ ਸੰਯੁਕਤ ਰਾਸ਼ਟਰ ਖੇਡਾਂ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਸਹਿ-ਪ੍ਰਬੰਧਕ ਵਜੋਂ ਭਾਰਤ ਸ਼ਤਰੰਜ ਤੇ ਯੋਗ ’ਚ ਮੋਹਰੀ ਭੂਮਿਕਾ ਨਿਭਾਏਗਾ।’’ ਹਰੀਸ਼ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਖੇਡਾਂ ਏਕਤਾ ਤੇ ਕੌਮਾਂਤਰੀ ਸਹਿਯੋਗ ਦੇ ਭਾਵਨਾ ਦਾ ਜਸ਼ਨ ਹਨ। ਯੂਐੱਨ ’ਚ ਭਾਰਤ ਦੇ ਸਥਾਨ ਮਿਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ, ‘‘ਮੈਨੂੰ ਉਮੀਦ ਹੈ ਅਗਲੀ ਵਾਰ ਇਨ੍ਹਾਂ ਖੇਡਾਂ ’ਚ ਕ੍ਰਿਕਟ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੈਂ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਭਾਰਤੀ ਟੀਮ ਨੂੰ ਚੰਗੇ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ।’’ ਸੰਯੁਕਤ ਰਾਸ਼ਟਰ ਖੇਡਾਂ-2025 ਅਪਰੈਲ-ਮਈ ਮਹੀਨੇ ਹੋਣੀਆਂ ਹਨ। -ਪੀਟੀਆਈ