ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦਾ ਸਾਲਾਨਾ ਸਮਾਗਮ
ਮਾਛੀਵਾੜਾ, 1 ਅਪਰੈਲ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦਾ ਸਾਲਾਨਾ ਸਨਮਾਨ ਸਮਾਗਮ ਗ਼ਜ਼ਲਗੋ ਕ੍ਰਿਸ਼ਨ ਭਨੋਟ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ’ਚ ਗ਼ਜ਼ਲਗੋ ਕ੍ਰਿਸ਼ਨ ਭਨੋਟ, ਕਹਾਣੀਕਾਰ ਪ੍ਰੇਮ ਪ੍ਰਕਾਸ਼, ਬਿਹਾਰੀ ਲਾਲ ਸੱਦੀ, ਡਾ. ਹਰਜਿੰਦਰ ਸਿੰਘ ਅਟਵਾਲ, ਪੱਤਰਕਾਰ ਸੁਰਜੀਤ ਭਗਤ ਤੇ ਸ਼ਾਇਰ ਮਨਜ਼ੂਰ ਏਜਾਜ਼ ਦੇ ਦੇਹਾਂਤ ’ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗਾਇਕ ਗੀਤ ਗੁਰਜੀਤ ਦੇ ਗੀਤ ਤੋਂ ਹੋਈ ਜਿਸ ਉਪਰੰਤ ਗੁਰਸੇਵਕ ਸਿੰਘ ਢਿੱਲੋਂ ਨੇ ਸਨਮਾਨ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨਗੀ ਮੰਡਲ ’ਚ ਡਾ. ਸੁਰਜੀਤ ਸਿੰਘ, ਬਾਪੂ ਬਲਕੌਰ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਤੇਲੂ ਰਾਮ ਕੁਹਾੜਾ, ਗ਼ਜ਼ਲਗੋ ਧਰਮਿੰਦਰ ਸ਼ਾਹਿਦ ਤੇ ਨਾਮਧਾਰੀ ਦਰਬਾਰ ਦੇ ਪ੍ਰਧਾਨ ਸੂਬਾ ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਸਨਮਾਨਾਂ ਦੀ ਰਸਮ ਵਿੱਚ ਸੰਤ ਇੰਦਰ ਸਿੰਘ ਚੱਕਰਵਰਤੀ ਯਾਦਗਾਰੀ ਪੁਰਸਕਾਰ ਹਰਦੇਵ ਸਿੰਘ ਪੰਨੂੰ ਦੀ ਯਾਦ ’ਚ ਲੇਖਕਾ ਰਜਿੰਦਰ ਕੌਰ ਪੰਨੂੰ ਨੂੰ ਸਾਬਕਾ ਸਰਪੰਚ ਜਗਦੀਸ਼ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਦਿੱਤਾ ਗਿਆ ਜਿਸਦਾ ਪਰਚਾ ਦੀਪ ਦਿਲਬਰ ਨੇ ਪੜ੍ਹਿਆ। ਪ੍ਰੋ. ਕਿਰਪਾਲ ਸਿੰਘ ਕਸੇਲ ਯਾਦਗਾਰੀ ਪੁਰਸਕਾਰ ਲੇਖਕ ਸਨ੍ਹੇਹਇੰਦਰ ਮੀਲੂ ਨੂੰ ਬਾਪੂ ਦੇਵਾ ਸਿੰਘ ਦੀ ਯਾਦ ’ਚ ਸੁਖਵੀਰ ਸਿੰਘ ਮੁਹਾਲੀ ਤੇ ਸਰਬਜੀਤ ਸਿੰਘ ਸੋਨੂੰ ਦੇ ਸਮੂਹ ਪਰਿਵਾਰ ਵੱਲੋਂ ਦਿੱਤਾ ਗਿਆ ਜਿਸਦਾ ਪਰਚਾ ਲੇਖਕ ਕਿਰਨਦੀਪ ਸਿੰਘ ਕੁਲਾਰ ਨੇ ਪੜ੍ਹਿਆ। ‘ਸੁਰਜੀਤ ਖੁਰਸ਼ੀਦੀ ਪੁਰਸਕਾਰ’ ਬਾਪੂ ਗੁਰਦੇਵ ਸਿੰਘ ਤੇ ਮਾਤਾ ਗੁਰਦਿਆਲ ਕੌਰ ਦੀ ਯਾਦ ’ਚ ਮਾਸਟਰ ਤੇਲੂ ਰਾਮ ਕੁਹਾੜਾ ਦੇ ਸਮੂਹ ਪਰਿਵਾਰ ਵੱਲੋਂ ਗ਼ਜ਼ਲਗੋ ਨਿਰੰਜਨ ਸੂਖਮ ਨੂੰ ਦਿੱਤਾ ਗਿਆ ਜਿਸਦਾ ਪਰਚਾ ਗੀਤਕਾਰ ਕਰਨੈਲ ਸਿਵੀਏ ਨੇ ਪੜ੍ਹਿਆ। ‘ਸੁਰਿੰਦਰ ਕੌਰ ਖਰਲ ਯਾਦਗਾਰੀ ਪੁਰਸਕਾਰ’ ਪਰਮਵੀਰ ਸਿੰਘ ਹੈਰੀ ਦੀ ਯਾਦ ’ਚ ਮਨਜੀਤ ਸਿੰਘ ਰਾਏ ਦੇ ਪਰਿਵਾਰ ਵੱਲੋਂ ਲੇਖਕਾ ਮਨਿੰਦਰ ਕੌਰ ਬੱਸੀ ਨੂੰ ਦਿੱਤਾ ਗਿਆ ਜਿਸ ਸਬੰਧੀ ਪਰਚਾ ਲੇਖਕਾ ਜਸਵੀਰ ਕੌਰ ਜੱਸੀ ਨੇ ਪੜ੍ਹਿਆ। ਇਸ ਤੋਂ ਇਲਾਵਾ ਇੱਕ ਵਿਸ਼ੇਸ਼ ਸਨਮਾਨ ਗੁਰਦੀਪ ਸਿੰਘ ਢਿੱਲੋਂ ਵੱਲੋਂ ਆਪਣੀ ਪਤਨੀ ਬੀਬੀ ਜਾਗੀਰ ਕੌਰ ਦੀ ਯਾਦ ’ਚ ਡਾ. ਮਨਦੀਪ ਕੌਰ ਰਾਏ ਨੂੰ ਦਿੱਤਾ ਗਿਆ ਜਿਸਦਾ ਪਰਚਾ ਲੇਖਕਾ ਰਜਿੰਦਰ ਕੌਰ ਪੰਨੂੰ ਨੇ ਪੜ੍ਹਿਆ। ਡਾ. ਸੁਰਜੀਤ ਸਿੰਘ ਤੇ ਬਾਪੂ ਬਲਕੌਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਚਾਰ ਪੇਸ਼ ਕੀਤੇ ਅਤੇ ਸਭਾ ਵੱਲੋਂ ਦੋਵਾਂ ਸ਼ਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਡਾ. ਸੁਰਜੀਤ ਸਿੰਘ ਵੱਲੋਂ ਰਚੀ ਕਵਿਤਾ ‘ਧੀਆਂ ਬਚਾਓ ਧੀਆਂ ਪੜ੍ਹਾਓ’ ਦਾ ਬੀਬਾ ਬਲਵੰਤ ਵੱਲੋਂ ਤਿਆਰ ਕੀਤਾ ਪੋਸਟਰ ਰਿਲੀਜ਼ ਕੀਤਾ ਗਿਆ। ਦੂਸਰੇ ਸੈਸ਼ਨ ’ਚ ਕਵੀ ਦਰਬਾਰ ਹੋਇਆ ਜਿਸਦੀ ਪ੍ਰਧਾਨਗੀ ਗੀਤਕਾਰ ਕਰਨੈਲ ਸਿੰਘ ਸਿਵੀਆ, ਜਗਜੀਤ ਸਿੰਘ ਗੁਰਮ, ਨੇਤਰ ਸਿੰਘ ਮੁੱਤੋਂ, ਅਵਤਾਰ ਸਿੰਘ ਓਟਾਲਾਂ, ਡਾ. ਮਨਦੀਪ ਕੌਰ ਰਾਏ, ਸੁਖਵੀਰ ਸਿੰਘ ਮੁਹਾਲੀ ਤੇ ਲੇਖਕ ਬਲਬੀਰ ਸਿੰਘ ਬੱਬੀ ਨੇ ਕੀਤੀ। ਇਸ ਤੋਂ ਇਲਾਵਾ ਪ੍ਰੋ. ਭਜਨ ਸਿੰਘ, ਸਰਪੰਚ ਬਹਾਦਰ ਸਿੰਘ, ਬਲਵਿੰਦਰ ਸਿੰਘ ਵਿਰਕ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਜਗਵੀਰ ਸਿੰਘ ਵਿੱਕੀ, ਕਹਾਣੀਕਾਰ ਤਰਨ ਸਿੰਘ ਬੱਲ ਨੇ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਈ। ਗੁਰਸੇਵਕ ਸਿੰਘ ਢਿੱਲੋਂ ਨੇ ਆਏ ਸ਼ਾਇਰਾਂ ਦਾ ਧੰਨਵਾਦ ਕੀਤਾ।