ਪੰਜਾਬੀ ਯੂਨੀਵਰਸਿਟੀ ਵਿੱਚ ਅਨੁਸ਼ਾਸਨੀ ਫ਼ੈਕਲਟੀ ਵਿਕਾਸ ਪ੍ਰੋਗਰਾਮ ਸ਼ੁਰੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਖੇ ਪੰਜ-ਦਿਨਾ ਬਹੁ-ਅਨੁਸ਼ਾਸਨੀ ਫ਼ੈਕਲਟੀ ਵਿਕਾਸ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਵਿਭਾਗ ਦੇ ਮੁਖੀ ਡਾ. ਅਮਰ ਇੰਦਰ ਸਿੰਘ ਦੀ ਦੇਖਰੇਖ ਹੇਠ '2047 ਦੇ ਭਾਰਤ ਲਈ ਟਿਕਾਊ ਹੁਨਰ, ਰਣਨੀਤੀਆਂ ਅਤੇ ਹੱਲ' ਵਿਸ਼ੇ 'ਤੇ ਕਰਵਾਏ ਜਾ ਰਹੇ ਇਸ ਫ਼ੈਕਲਟੀ ਵਿਕਾਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਉਘੀਆਂ ਅਕਾਦਮਿਕ ਸ਼ਖ਼ਸੀਅਤਾਂ ਨੇ ਵਿਚਾਰ ਪ੍ਰਗਟਾਏ।
ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਨੇ ਵਾਤਾਵਰਣ ਪ੍ਰਬੰਧਨ, ਨੀਤੀ ਨਿਰਮਾਣ ਅਤੇ ਸਿੱਖਿਆ ਸ਼ਾਸਤਰ ਵਿੱਚ ਵਾਤਾਵਰਣ ਜਾਗਰੂਕਤਾ ਨੂੰ ਜੋੜਨ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ। ਮੌਜੂਦਾ ਸਮੇਂ ਥਾਪਰ ਯੂਨੀਵਰਸਿਟੀ ਦੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਕਾਰਜਸ਼ੀਲ ਨੀਦਰਲੈਂਡਜ਼ ਦੀ ਗ੍ਰੋਨਿੰਗਨ ਯੂਨੀਵਰਸਿਟੀ ਦੇ ਅਧਿਆਪਕ ਪ੍ਰੋ. ਆਰਡ ਗ੍ਰੋਏਨ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਕਿਹਾ ਕਿ ਭਾਰਤੀ ਸੰਸਥਾਵਾਂ ਨੂੰ ਗੁੰਝਲਦਾਰ ਸਥਿਤੀਆਂ ਦੇ ਹੱਲ ਵਜੋਂ ਭਵਿੱਖ ਲਈ ਤਿਆਰ ਟੀਚਿਆਂ ਨੂੰ ਪੂਰਾ ਕਰਨ ਲਈ ਅੰਤਰ-ਅਨੁਸ਼ਾਸਨੀ ਅਤੇ ਉੱਦਮੀ ਢਾਂਚੇ ਨੂੰ ਅਪਣਾਉਣਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ ਪੰਜਾਬੀ ਯੂਨੀਵਰਸਿਟੀ ਦੇ ਵਾਤਾਵਰਨ ਸੈੱਲ ਅਤੇ ਸੈਂਟਰ ਫ਼ਾਰ ਰੀਸਟੋਰੇਸ਼ਨ ਆਫ਼ ਈਕੋਸਿਸਟਮ ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਤੇ ਕੁਦਰਤ ਪ੍ਰੇਮੀ ਪ੍ਰੋਫੈਸਰ ਡਾ. ਸਵਰਾਜ ਰਾਜ ਨੇ ਵਿਚਾਰ ਸਾਂਝੇ ਕੀਤੇ।