ਪੰਜਾਬੀ ਅਤੇ ਫ਼ਾਰਸੀ ਦਾ ਮਿਆਰ ਉੱਚਾ ਚੁੱਕਣ ਲਈ ਚਰਚਾ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਾਰਚ
ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਲੋਂ ਅਲ-ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ, ਈਰਾਨ ਦੀ ਭਾਰਤੀ ਸ਼ਾਖਾ ਦੇ ਮੁੱਖ ਨੁਮਾਇੰਦੇ ਅਯਾਤੁੱਲਾ ਸਯਦ ਕਮਾਲ ਹੁਸੈਨੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਰਜਿੰਦਰ ਸਿੰਘ ਨੇ ਅਯਾਤੁੱਲਾ ਸਯਦ ਕਮਾਲ ਹੁਸੈਨੀ ਨੂੰ ਮਾਂ ਬੋਲੀ ਲਿਖਿਆ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅਯਾਤੁੱਲਾ ਸਯਦ ਕਮਾਲ ਹੁਸੈਨੀ ਨਾਲ ਗੱਲਬਾਤ ਕਰਦਿਆਂ ਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਵਿਦਵਾਨਾਂ ਨੂੰ ਫ਼ਾਰਸੀ ਬੋਲੀ ਨਾਲ ਰੂਬਰੂ ਕਰਵਾਉਣ ਅਤੇ ਪੰਜਾਬੀ ਮਾਂ ਬੋਲੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਾਂਝੇ ਪ੍ਰੋਗਰਾਮ ਉਲੀਕਣ ਦੀ ਲੋੜ ਹੈ। ਰਜਿੰਦਰ ਸਿੰਘ ਨੇ ਉਨ੍ਹਾਂ ਨੂੰ 18ਵੀਂ ਸਦੀ ਦੇ ਫ਼ਾਰਸੀ ਦੇ ਹੁਕਮਨਾਮਿਆਂ ਦਾ ਤਰਜੁਮਾ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਸ੍ਰੀ ਹੁਸੈਨੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਿਛਲੀ ਫੇਰੀ ਦੌਰਾਨ ਗੁਰਦੁਆਰਾ ਰਕਾਬ ਗੰਜ ਸਾਹਿਬ ਨਤਮਸਤਕ ਹੋਣ ਦਾ ਮੌਕਾ ਮਿਲਿਆ ਜਿਸ ਕਾਰਨ ਸਿੱਖ ਧਰਮ ਬਾਰੇ ਜਾਣਕਾਰੀ ਵਿੱਚ ਵਾਧਾ ਹੋਇਆ। ਉਨ੍ਹਾਂ ਅਗੇ ਕਿਹਾ ਕਿ ਉਹ ਫ਼ਾਰਸੀ ਦੇ ਹੁਕਮਨਾਮਿਆਂ ਦਾ ਤਰਜੁਮਾ ਕਰਨ ਲਈ ਪੂਰੀ ਤਰ੍ਹਾਂ ਸਹਿਯੋਗ ਦੇਵੇਗਾ। ਉਨ੍ਹਾਂ ਰਮਜ਼ਾਨ ਉਪਰੰਤ ਪੰਜਾਬੀ ਅਤੇ ਫ਼ਾਰਸੀ ਉੱਤੇ ਵਰਕਸ਼ਾਪ ਕਰਵਾਉਣ ਦਾ ਭਰੋਸਾ ਵੀ ਦਿੱਤਾ।