ਬਾਬੈਨ ਦੇ ਜਲਾਲੂਦੀਨ ਮਾਜਰਾ ਤੇ ਖਿੜਕੀ ਵੀਰਾਂ ’ਚ ਕੈਂਪ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਮਾਰਚ
ਬਲਾਕ ਬਾਬੈਨ ਦੇ ਪਿੰਡ ਜਲਾਲੂਦੀਨ ਮਾਜਰਾ ਤੇ ਖਿੜਕੀ ਵੀਰਾਂ ਵਿੱਚ ਅੱਜ ਨਵੀਨ ਜਿੰਦਲ ਫਾਊਂਡੇਸ਼ਨ ਵੱਲੋਂ ਲਗਾਏ ਗਏ ਨਵੀਨ ਸੰਕਲਪ ਕੈਂਪ ਵਿਚ ਪਿੰਡ ਵਾਸੀਆਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਕੈਂਪ ਵਿਚ ਪੈਨਸ਼ਨ, ਆਧਾਰ ਕਾਰਡ, ਜਨਤਕ ਵੰਡ ਪ੍ਰਣਾਲੀ ਤੇ ਰਾਸ਼ਨ ਕਾਰਡ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ ਮੋਬਾਈਲ ਮੈਡੀਕਲ ਯੂਨਿਟ ਵੀ ਚਲਾਇਆ ਜਾ ਰਿਹਾ ਹੈ ਜਿਸ ਵਿਚ ਲੋਕਾਂ ਨੂੰ ਮੁਫਤ ਦਵਾਈਆਂ, ਸਿਹਤ ਸਬੰਧੀ ਡਾਕਟਰੀ ਸਲਾਹ ਮਸ਼ਵਰਾ ਤੇ ਟੈਸਟ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਨ੍ਹਾਂ ਕੈਂਪਾਂ ਵਿੱਚ ਸੰਸਦ ਮੈਂਬਰ ਨਵੀਨ ਜਿੰਦਲ ਵੱਲੋਂ ਸ਼ੁਰੂ ਕੀਤੀ ਗਈ ਨਵੀਨ ਜਿੰਦਲ ਯਸ਼ਸਵੀ ਸਕਾਲਰਸ਼ਿਪ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਰਾਹੀਂ ਵਿੱਤੀ ਸਹਾਇਤਾ ਮਿਲ ਸਕੇ। ਸੰਸਦ ਮੈਂਬਰ ਨਵੀਨ ਜਿੰਦਲ ਦੇ ਸੰਸਦੀ ਦਫਤਰ ਇੰਚਾਰਜ ਧਰਮਵੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਹਨ ਤੇ ਇਨ੍ਹਾਂ ਕੈਂਪਾਂ ਰਾਹੀਂ ਪੇਂਡੂ ਖੇਤਰਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਤਰਜੀਹ ਹੈ।
ਉਨ੍ਹਾਂ ਕਿਹਾ ਕਿ ਅੱਜ ਕੈਂਪ ਵਿੱਚ 158 ਵਿਅਕਤੀਆਂ ਨੂੰ ਡਾਕਟਰਾਂ ਵੱਲੋਂ ਸਿਹਤ ਪ੍ਰਤੀ ਸਲਾਹ ਮਸ਼ਵਰਾ ਦਿੱਤਾ ਗਿਆ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। 59 ਲੋਕਾਂ ਦੇ ਪਿਸ਼ਾਬ ਤੇ ਖੂਨ ਦੇ ਟੈਸਟ ਕੀਤੇ ਗਏ ਇਸ ਦੇ ਨਾਲ ਹੀ ਅੱਜ ਦੇ ਨਵੀਨ ਸੰਕਲਪ ਕੈਂਪ ਵਿਚ 80 ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਕੇ ਤੇ ਸਕਾਲਰਸ਼ਿਪ ਸਕੀਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਲੈ ਕੇ ਲਾਹਾ ਖੱਟਿਆ।