ਮੇਅਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਯਮੁਨਾਨਗਰ, 13 ਮਾਰਚ
ਨਗਰ ਨਿਗਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਯਮੁਨਾਨਗਰ ਨਗਰ ਨਿਗਮ ਦੀ ਨਵੀਂ ਚੁਣੀ ਗਈ ਮੇਅਰ ਸੁਮਨ ਬਹਿਮਣੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਭਾਜਪਾ ਦੀ ਜਿੱਤ ’ਤੇ ਵਧਾਈ ਦਿੱਤੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਕਿਹਾ ਕਿ ਜਨਤਾ ਨੇ ਭਾਜਪਾ ਨੂੰ ਜੋ ਸਮਰਥਨ ਦਿੱਤਾ ਹੈ ਉਹ ਵਿਕਾਸ ਅਤੇ ਸੁਸ਼ਾਸਨ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਟ੍ਰਿਪਲ ਇੰਜਣ ਸਰਕਾਰ ਸੂਬੇ ਦੇ ਵਿਕਾਸ ਵਿੱਚ ਤੇਜ਼ੀ ਲਿਆਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਚੁਣੀ ਗਈ ਲੀਡਰਸ਼ਿਪ ਹੇਠ ਸ਼ਹਿਰ ਦੀਆਂ ਸਰਕਾਰਾਂ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਵਿਕਾਸ ਕਾਰਜਾਂ ਅਤੇ ਜਨਤਕ ਸੇਵਾ ਨੂੰ ਹੋਰ ਹੁਲਾਰਾ ਦੇਣਗੀਆਂ। ਮੇਅਰ ਸੁਮਨ ਬਹਿਮਣੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਹੇਠ ਸੂਬੇ ਵਿੱਚ ਕਮਲ ਖਿੜਿਆ ਹੈ। ਉਨ੍ਹਾਂ ਜਨਤਾ ਵੱਲੋਂ ਦਿੱਤੇ ਗਏ ਅਥਾਹ ਸਮਰਥਨ ਅਤੇ ਪਿਆਰ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਯਮੁਨਾਨਗਰ-ਜਗਾਧਾਰੀ ਨੂੰ ਇੱਕ ਵਿਕਸਤ, ਸਾਫ਼ ਅਤੇ ਆਧੁਨਿਕ ਸ਼ਹਿਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਇਲਵਾ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ, ਸਫਾਈ ਵਧਾਉਣ ਅਤੇ ਡਿਜੀਟਲ ਸਹੂਲਤਾਂ ਨੂੰ ਸਰਲ ਬਣਾਉਣ ਲਈ ਠੋਸ ਕਦਮ ਚੁੱਕੇ ਜਾਣਗੇ।
ਥਾਨੇਸਰ ’ਚ ਹੁਣ ਟ੍ਰਿਪਲ ਇੰਜਣ ਦੀ ਸਰਕਾਰ ਕਰੇਗੀ ਚਹੁੰਮੁਖੀ ਵਿਕਾਸ: ਸੁਭਾਸ਼ ਸੁਧਾ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਹੈ ਕਿ ਥਾਨੇਸਰ ਸ਼ਹਿਰ ਵਿਚ ਹੁਣ ਟ੍ਰਿਪਲ ਇੰਜਣ ਸਰਕਾਰ ਸ਼ਹਿਰ ਦਾ ਵਿਕਾਸ ਕਰੇਗੀ। ਸ਼ਹਿਰ ਦੇ ਸੂਝਵਾਨ ਵੋਟਰਾਂ ਨੇ ਭਾਜਪਾ ਉਮੀਦਵਾਰ ਮਾਫੀ ਢਾਂਡਾ ਨੂੰ 32577 ਵੋਟਾਂ ਨਾਲ ਚੇਅਰਪਰਸਨ ਬਣਾ ਕੇ ਇਕ ਨਵਾਂ ਇਤਿਹਾਸ ਰਚਿਆ ਹੈ। ਸ਼ਹਿਰ ਦੇ ਸਾਰੇ 32 ਵਾਰਡਾਂ ਵਿੱਚੋਂ 25 ਨਗਰ ਕੌਂਸਲਰ ਭਾਜਪਾ ਦੇ ਹਨ ਤੇ ਬਾਕੀ ਭਾਜਪਾ ਵਿਚ ਸ਼ਾਮਲ ਹੋਣ ਲਈ ਤਿਆਰ ਹਨ। ਇਨ੍ਹਾਂ ਕੌਂਸਲਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਦਾ ਫੈਸਲਾ ਪਾਰਟੀ ਵੱਲੋਂ ਕੀਤਾ ਜਾਵੇਗਾ। ਉਹ ਅੱਜ ਇੱਥੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਾਰੇ ਕੌਂਸਲਰਾਂ ਤੇ ਚੇਅਰਪਰਸਨ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਭਾਜਪਾ ’ਤੇ ਭਰੋਸਾ ਪ੍ਰਗਟਾਇਆ ਹੈ, ਜੇਤੂ ਉਮੀਦਵਾਰ ਉਸ ਵਿਸ਼ਵਾਸ ’ਤੇ ਖਰਾ ਉਤਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹੁਣ ਭਾਜਪਾ ਦੀ ਛੋਟੀ ਸਰਕਾਰ ਬਣ ਚੁੱਕੀ ਹੈ ਤੇ ਇਹ ਸਰਕਾਰ ਥਾਨੇਸਰ ਦੇ ਵਿਕਾਸ ਨੂੰ ਤਿੰਨ ਗੁਣਾ ਵਧਾਉਣ ਦਾ ਕੰਮ ਕਰੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਗ੍ਰਹਿ ਖੇਤਰ ਹੋਣ ਕਰਕੇ ਇੱਥੇ ਵਿਕਾਸ ਕਾਰਜਾਂ ਦੀ ਘਾਟ ਨਹੀਂ ਆਏਗੀ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਭਾਜਪਾ ਆਗੂ ਸੁਭਾਸ਼ ਕਲਸਾਣਾ, ਸੂਬਾ ਸੰਗਠਨ ਸਕੱਤਰ ਰਾਹੁਲ ਰਾਣਾ, ਸਾਬਕਾ ਚੇਅਰਪਰਸਨ ਉਮਾ ਸੁਧਾ, ਭਾਜਪਾ ਯੁਵਾ ਆਗੂ ਸਾਹਿਲ ਸੁਧਾ, ਸੁਰੇਸ਼ ਸੈਣੀ ਕੁੱਕੂ, ਟੋਨੀ ਮਦਾਨ ਮੌਜੂਦ ਸਨ। Advertisement