ਪੁਲੀਸ ਮੁਕਾਬਲੇ ’ਚ ਗੈਂਗਸਟਰ ਦਾ ਸਾਥੀ ਜ਼ਖ਼ਮੀ
ਤਰਨ ਤਾਰਨ, 12 ਅਪਰੈਲ
ਪੱਟੀ ਸਿਟੀ ਦੀ ਪੁਲੀਸ ਨੇ ਬੀਤੀ ਦੇਰ ਸ਼ਾਮ ਇਲਾਕੇ ’ਚ ਮੁਕਾਬਲੇ ਦੌਰਾਨ ਗੈਂਗਸਟਰ ਪ੍ਰਭ ਦਾਸੂਵਾਲ ਦੇ ਇਸ਼ਾਰਿਆਂ ’ਤੇ ਇਲਾਕੇ ਅੰਦਰ ਫਿਰੌਤੀਆਂ ਦੀ ਮੰਗ ਕਰਨ ਵਰਗੀਆਂ ਕਾਰਵਾਈਆਂ ਕਰਦੇ ਆ ਰਹੇ ਉਸ ਦੇ ਕਰਿੰਦੇ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਪੱਟੀ ਲਵਕੇਸ਼ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਿੰਦਰ ਸਿੰਘ ਵਾਸੀ ਠੱਕਰਪੁਰਾ (ਪੱਟੀ) ਵਜੋਂ ਹੋਈ ਹੈ। ਉਹ ਮੋਟਰਸਾਈਕਲ ’ਤੇ ਇਲਾਕੇ ’ਚ ਘੁੰਮ ਰਿਹਾ ਸੀ। ਥਾਣਾ ਪੱਟੀ ਸਿਟੀ ਦੇ ਐੱਸਐੱਚਓ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਸਰਾਲੀ ਮੰਗਾਂ ਦੇ ਰੇਲਵੇ ਪੁਲ ਦੀ ਕਰਾਸਿੰਗ ਨੇੜੇ ਲਾਏ ਨਾਕੇ ’ਤੇ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮ ਨੇ ਪੁਲੀਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ, ਜਿਸ ’ਤੇ ਪੁਲੀਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਚਲਾਈ ਗੋਲੀ ਲੱਗਣ ਕਾਰਨ ਹਰਿੰਦਰ ਸਿੰਘ ਜ਼ਖ਼ਮੀ ਹੋ ਗਿਆ। ਪੁਲੀਸ ਨੇ ਮੁਲਜ਼ਮ ਤੋਂ ਇਕ ਦੇਸੀ ਪਿਸਤੌਲ ਅਤੇ ਪੰਜ ਖਾਲੀ ਰੌਂਦ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 109 ਅਤੇ 25, 27 ਅਸਲਾ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ। ਡੀਐੱਸਪੀ ਲਵਕੇਸ਼ ਨੇ ਦੱਸਿਆ ਕਿ ਮੁਲਜ਼ਮ ਨੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਕਹਿਣ ’ਤੇ ਹੀ ਪੱਟੀ ਦੇ ਐਡਵੋਕੇਟ ਦੇ ਘਰ, ਖੇਮਕਰਨ ਦੇ ਪੈਟਰੌਲ ਪੰਪ ਅਤੇ ਦਾਸੂਵਾਲ ਪਿੰਡ ਦੇ ਸੰਤ ਕਬੀਰ ਸਕੂਲ ਦੇ ਪ੍ਰਬੰਧਕ ਦੀ ਕਾਰ ’ਤੇ ਗੋਲੀਆਂ ਚਲਾਈਆਂ ਸਨ। ਪ੍ਰਭ ਦਾਸੂਵਾਲ ਨੇ ਪੱਟੀ ਦੇ ਐਡਵੋਕੇਟ ਤੋਂ ਇਕ ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗੀ ਸੀ।