Punjab news ਕਰਿਆਨਾ ਵਪਾਰੀ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਸਾਢੇ ਅੱਠ ਲੱਖ ਰੁਪਏ ਲੁੱਟੇ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 15 ਅਪਰੈਲ
Punjab news ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਮੁਗਲਾਣੀ ਨਜ਼ਦੀਕ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕਰਿਆਨਾ ਵਪਾਰੀ ਦੇ ਕਰਿੰਦੇ ਨੂੰ ਰੋਕ ਕੇ ਲੱਤ ਵਿੱਚ ਗੋਲੀ ਮਾਰ ਕਿ ਸਾਢੇ ਅੱਠ ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ।
ਪੀੜਤ ਦੁਕਾਨਦਾਰ ਰਾਮ ਖੁੱਲ੍ਹਰ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਖਡੂਰ ਸਾਹਿਬ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਅੱਜ ਦੁਕਾਨ ’ਤੇ ਕੰਮ ਕਰਦੇ ਅੰਮ੍ਰਿਤ ਅਤੇ ਭਗਵੰਤ ਸਿੰਘ ਨਾਮਕ ਦੋਵੇਂ ਕਰਿੰਦੇ ਭੁਗਤਾਨ ਕਰਨ ਅਤੇ ਦੁਕਾਨ ਲਈ ਹੋਰ ਸਮਾਨ ਲੈਣ ਵਾਸਤੇ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਜਾ ਰਹੇ ਸੀ। ਜਦੋ ਇਹ ਦੋਵੇਂ ਪਿੰਡ ਮੁਗਲਾਣੀ ਨਜ਼ਦੀਕ ਪੁੱਜੇ ਤਾਂ ਇਨ੍ਹਾਂ ਦਾ ਪਿੱਛਾ ਕਰ ਰਹੇ ਦੋ ਅਣਪਛਾਤਿਆ ਵੱਲੋਂ ਦੋਵਾਂ ਕਰਿੰਦਿਆ ਦਾ ਟੈਂਪੂ (ਛੋਟਾ ਹਾਥੀ) ਰੋਕ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਕਰਿੰਦੇ ਵੱਲੋਂ ਵਿਰੋਧ ਕਰਨ ’ਤੇ ਇੱਕ ਲੁਟੇਰੇ ਵੱਲੋਂ ਪਿਸਤੌਲ ਕੱਢ ਕੇ ਭਗਵੰਤ ਸਿੰਘ ਨਾਮਕ ਕਰਿੰਦੇ ਦੀ ਲੱਤ ਵਿੱਚ ਗੋਲੀ ਮਾਰੀ ਗਈ ਤੇ ਉਹ ਸਾਢੇ ਅੱਠ ਲੱਖ ਰੁਪਏ ਦੇ ਕਰੀਬ ਰਕਮ ਲੁੱਟ ਕੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਰਾਮ ਖੁੱਲ੍ਹਰ ਨੇ ਦੱਸਿਆ ਕਿ ਘਟਨਾ ਸਬੰਧੀ ਥਾਣਾ ਵੈਰੋਵਾਲ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਐਸਐਚਓ ਨਰੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੀੜਤ ਦੁਕਾਨਦਾਰ ਰਾਮ ਖੁੱਲ੍ਹਰ ਦੀ ਦੁਕਾਨ ’ਤੇ ਕੁਝ ਮਹੀਨੇ ਪਹਿਲਾਂ ਵੀ ਪਿਸਤੌਲ ਦੀ ਨੋਕ ’ਤੇ ਲੁੱਟ ਹੋ ਚੁੱਕੀ ਹੈ ਜਿਸ ਸਬੰਧੀ ਕਾਰਵਾਈ ਵੀ ਠੰਡੇ ਬਸਤੇ ਵਿੱਚ ਹੈ।