ਚੇਅਰਮੈਨ ਵੱਲੋਂ ਨਵੀਆਂ ਬੱਸਾਂ ਪਾਉਣ ਦਾ ਅਮਲ ਸ਼ੁਰੂ ਕਰਨ ਦੇ ਆਦੇਸ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਪਰੈਲ
ਪੀਆਰਟੀਸੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਮੁੱਖ ਦਫਤਰ ਵਿੱਚ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਅਧਿਕਾਰੀਆਂ ਨੂੰ ਪੀਆਰਟੀਸੀ ਦੇ ਬੇੜੇ ਵਿੱਚ ਨਵੀਆਂ ਬੱਸਾਂ ਪਾਉਣ ਦਾ ਅਮਲ ਸ਼ੁਰੂ ਕਰਨ ਲਈ ਆਖਿਆ ਗਿਆ। ਇਸ ਮੌਕੇ ਜੁਲਾਈ 2023 ਤੋਂ ਸਤੰਬਰ 2023 ਦੇ ਮੁਕਾਬਲੇ ਜੁਲਾਈ 2024 ਤੋਂ ਸਤੰਬਰ 2024 ਤੱਕ ਦੀ ਭੌਤਿਕ ਤੇ ਵਿੱਤੀ ਕਾਰਗੁਜ਼ਾਰੀ ਦੀ ਤੁਲਨਾ ਕਰਦਿਆਂ ਚੇਅਰਮੈਨ ਸ੍ਰੀ ਹਡਾਣਾ ਨੇ ਕਿਹਾ ਕਿ ਅਦਾਰਾ ਪਹਿਲਾਂ ਨਾਲੋਂ ਆਰਥਿਕ ਪੱਖੋਂ ਮਜ਼ਬੂਤ ਹੈ। ਇਸ ਮੌਕੇ ਐੱਮਡੀ ਬਿਕਰਮਜੀਤ ਸਿੰਘ ਸ਼ੇਰਗਿੱਲ, ਏਐੱਮਡੀ ਨਵਦੀਪ ਕੁਮਾਰ, ਆਰਟੀਓ ਨਮਨ ਮੜਕਨ, ਡੀਸੀਐੱਫਏ ਫਾਈਨਾਂਸ ਕੁਲਦੀਪ ਕੌਰ ਸਣੇ ਚਰਨਜੀਤ ਸਿੰਘ ਧਾਲੀਵਾਲ ਤੇ ਰਾਜਿੰਦਰ ਸਿੰਘ ਰਿਹਾਲ, ਜੀਐੱਮ ਐਡਮਿਨ ਰਮਨ ਸ਼ਰਮਾ, ਐਕਸੀਅਨ ਜਤਿੰਦਰਪਾਲ ਸਿੰਘ ਗਰੇਵਾਲ ਹਾਜ਼ਰ ਸਨ। ਇਸ ਮੌਕੇ ਸ੍ਰੀ ਹਡਾਣਾ ਨੇ ਕਿਹਾ ਕਿ ਮੀਟਿੰਗ ਦੌਰਾਨ ਸੁਪਰਵਾਈਜ਼ਰ ਅਫ਼ਸਰਾਂ ਦੀ ਘਾਟ ਸਬੰਧੀ ਗੱਲਬਾਤ ਹੋਈ। ਇਸ ਤੋਂ ਇਲਾਵਾ ਵਿਭਾਗ ਵਿਚਲੀਆਂ ਕੰਮ ਕਰਦੀਆਂ ਮਾਨਵਸ਼ਕਤੀਆਂ, ਸਿੱਧਾ ਠੇਕਾ ਆਧਾਰ ’ਤੇ ਕੰਮ ਕਰਦੇ ਡਰਾਈਵਰ, ਕੰਡਕਟਰ ਦੇ ਰਾਤਰੀ ਭੱਤੇ ਵਿੱਚ ਵਾਧਾ ਕਰਨ ਸਬੰਧੀ, ਰੈਗੂਲਰ ਕਰਮਚਾਰੀਆਂ ਤੇ ਅਧਿਕਾਰੀਆਂ ਦੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਅਧੀਨ ਜਨਵਰੀ 2016 ਤੋਂ 30 ਜੂਨ 2021 ਤੱਕ ਸੋਧੀ ਤਨਖਾਹ ਦੇ ਏਰੀਅਰ ਬਾਰੇ ਚਰਚਾ ਹੋਈ। ਇਸ ਦੇ ਨਾਲ ਹੀ ਪੈਨਸ਼ਨ, ਫੈਮਿਲੀ ਪੈਨਸ਼ਨ ਆਦਿ ਵਾਲੇ ਕੇਸਾਂ ਦੇ ਰੁਕੇ ਹੋਏ ਏਰੀਅਰ ਨੂੰ ਜਲਦ ਬਹਾਲ ਕਰਨ ਬਾਰੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਦਾਰੇ ਵੱਲੋਂ ਇਕ ਮੁਲਾਜ਼ਮ ਦੀ ਮੌਤ ਮਗਰੋਂ ਪੀੜਤ ਪਰਿਵਾਰ ਨੂੰ 40 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ।