ਦੇਸ਼ ਦੇ 700 ਤੋਂ ਵੱਧ ਕਾਰਕੁਨਾਂ ਨੇ ਭਗਵੰਤ ਮਾਨ ਨੂੰ ਲਿਖਿਆ ਪੱਤਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਪਰੈਲ
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਚਾਉਕੇ ਵਿੱਚ ਸਕੂਲ ਅਧਿਆਪਕਾਂ ਦੀ ਹਮਾਇਤ ਵਿੱਚ ਪ੍ਰਦਰਸ਼ਨ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮਹਿਲਾ ਵਿੰਗ ਦੀ ਕਨਵੀਨਰ ਹਰਿੰਦਰ ਬਿੰਦੂ ਅਤੇ ਕਿਸਾਨ ਆਗੂ ਪਰਮਜੀਤ ਕੌਰ ’ਤੇ ਪੁਲੀਸ ਵੱਲੋਂ ਕਥਿਤ ਤੌਰ ’ਤੇ ਕੀਤੇ ਤਸ਼ੱਦਦ ਵਿਰੁੱਧ ਦੇਸ਼ ਭਰ ਤੋਂ ਵੱਖ-ਵੱਖ ਵਰਗਾਂ ਨਾਲ ਸਬੰਧਤ ਜਥੇਬੰਦੀਆਂ ਇੱਕਜੁਟ ਹੋ ਗਈਆਂ ਹਨ। ਇਸ ਘਟਨਾ ਤੋਂ ਨਾਰਾਜ਼ ਦੇਸ਼ ਭਰ ਦੇ ਅਕਾਦਮਿਕ, ਕਲਾਕਾਰ, ਵਕੀਲ, ਲੇਖਕ, ਕਿਸਾਨ ਅਤੇ ਸਮਾਜਸੇਵੀ ਜਥੇਬੰਦੀਆਂ ਦੇ 700 ਤੋਂ ਵੱਧ ਕਾਰਕੁਨਾਂ ਨੇ ਸਾਂਝੇ ਤੌਰ ’ਤੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਕਾਰਕੁਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਹਿਲਾ ਕਿਸਾਨ ਆਗੂਆਂ ’ਤੇ ਤਸ਼ੱਦਦ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੂੰ ਪੱਤਰ ਲਿਖਣ ਵਾਲਿਆਂ ਵਿੱਚ ਲੇਖਕ ਅਰੁੰਧਤੀ ਰਾਏ, ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਇੰਦਰਾ ਜੈਸਿੰਘ, ਵਕੀਲ ਅਤੇ ਮਨੁੱਖੀ ਅਧਿਕਾਰਾਂ ਤੇ ਮਹਿਲਾ ਅਧਿਕਾਰਾਂ ਦੀ ਕਾਰਕੁਨ ਵਰਿੰਦਾ ਗਰੋਵਰ, ਪੀਯੂਸੀਐੱਲ ਦੀ ਪ੍ਰਧਾਨ ਕਵਿਤਾ ਸ੍ਰੀਵਾਸਤਵ, ਮਨੁੱਖੀ ਅਧਿਕਾਰ ਤੇ ਨਾਗਰਿਕ ਅਧਿਕਾਰ ਲਈ ਕੰਮ ਕਰਨ ਵਾਲੇ ਕਾਰਕੁਨ ਤੀਸਤਾ ਸੇਤਲਵਾੜ, ਹਰਸ਼ ਮੰਡੇਰ, ਐਨੀ ਰਾਜਾ, ਪਰਮਿੰਦਰ ਸਿੰਘ, ਅਰੀਤ ਕੌਰ, ਅੰਜਲੀ ਭਾਰਦਵਾਜ, ਰੂਪ ਰੇਖਾ ਵਰਮਾ, ਜਗਮੋਹਨ ਸਿੰਘ, ਲੇਖਕ ਤੇ ਨਾਟਕਕਾਰ ਡਾ. ਸਵਰਾਜਬੀਰ ਸਿੰਘ, ਨਾਟਕਕਾਰ ਕੇਵਲ ਧਾਲੀਵਾਲ, ਸ਼ਾਮਲ ਹਨ। ਇਨ੍ਹਾਂ ਨੇ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਭਗਵੰਤ ਮਾਨ ਪੀੜਤਾਂ ਨੂੰ ਇਨਸਾਫ਼ ਦੇਣਗੇ।