ਬੱਬਰ ਖਾਲਸਾ ਨੇ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਭੇਜੇ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 23 ਅਪਰੈਲ
ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ, ਸੰਸਥਾਵਾਂ ਤੇ ਬੁੱਧੀਜੀਵੀਆਂ ਕੋਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ, ਯੋਗਤਾ ਤੇ ਸੇਵਾਮੁਕਤੀ ਬਾਰੇ ਮੰਗੇ ਸੁਝਾਵਾਂ ਦੀ ਰੌਸ਼ਨੀ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ ਨੇ ਅਪਣੇ ਸੁਝਾਅ ਈਮੇਲ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਹਨ। ਇਹ ਖੁਲਾਸਾ ਹਵਾਰਾ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਕੀਤਾ।
ਆਪਣੇ 9 ਸਫਿਆਂ ਦੇ ਪੱਤਰ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਰਾਜਨੀਤਿਕ ਲੋਕਾਂ ਦੇ ਆਪਣੇ ਮੁਫ਼ਾਦਾਂ ਦੀ ਪੂਰਤੀ ਕਰਨ ਲਈ “ਜੀ ਹਜ਼ੂਰੀਏ” ਜਥੇਦਾਰਾਂ ਦੀ ਨਿਯੁਕਤੀ ਕਰਕੇ ਸ੍ਰੀ ਅਕਾਲ ਤਖ਼ਤ ਦੀ ਪਵਿੱਤਰਤਾ, ਪ੍ਰਭੂਸੱਤਾ ਅਤੇ ਸਰਵਉੱਚਤਾ ਨੂੰ ਢਾਹ ਲਾਈ ਹੈ। ਪੱਤਰ ਵਿੱਚ ਸਰਬੱਤ ਖ਼ਾਲਸਾ ਤੇ ਗੁਰਮਤੇ ਦੀ ਅਣਹੋਂਦ, ਜਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਵਿੱਚ ਖ਼ਾਮੀਆਂ, ਹੁਕਮਨਾਮੇ ਦੀ ਦੁਰਵਰਤੋਂ ਆਦਿ ਸਿਰਲੇਖਾਂ ਹੇਠ ਮੌਜੂਦਾ ਹਾਲਾਤ ਦਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਭਵਿੱਖ ਵਿੱਚ ਮੀਰੀ ਪੀਰੀ ਦੇ ਵਰਤਾਰੇ ਨੂੰ ਰੁਸ਼ਨਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਸੰਬੰਧੀ ਪ੍ਰਸਤਾਵਿਤ ਵਿਧੀ ਵਿਧਾਨ, ਜਥੇਦਾਰ ਦੀ ਯੋਗਤਾ,ਥਾਪਣ ਦੀ ਪ੍ਰਕਿਰਿਆ, ਅਧਿਕਾਰ ਖੇਤਰ, ਜ਼ਿੰਮੇਵਾਰੀਆਂ, ਹਟਾਉਣ ਦੀ ਪ੍ਰਕਿਰਿਆ, ਅਕਾਤ ਤਖ਼ਤ ਸਾਹਿਬ ਦਾ ਖਜ਼ਾਨਾ ਅਤੇ ਸਹਾਇਕ ਪ੍ਰਬੰਧਕੀ ਢਾਂਚਾ ਆਦਿ ਬਾਰੇ ਆਪਣੇ ਸੁਝਾਅ ਦਿੱਤੇ ਹਨ।