ਪਿੰਡ ਕਦਾਰੀ ਚੱਕ ’ਚ ਅੱਗ ਲੱਗਣ ਕਾਰਨ 12 ਮੱਝਾਂ ਝੁਲਸੀਆਂ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 2 ਮਈ
ਟਾਂਡਾ ਨੇੜੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਨਾੜ ਨੂੰ ਲਗਾਈ ਅੱਗ ਬੀਤੀ ਰਾਤ ਤੇਜ਼ ਹਨੇਰੀ ਤੇ ਝੱਖੜ ਕਾਰਨ ਪਿੰਡ ਕਦਾਰੀ ਚੱਕ ਦੇ ਘਰਾਂ ਤੱਕ ਪਹੁੰਚ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਪਿੰਡ ਦੇ ਚਾਰ ਚੁਫੇਰੇ ਫੈਲਣ ਨਾਲ ਪਿੰਡ ਦੀ ਫਿਰਨੀ ’ਤੇ ਬਣੀਆਂ ਕਿਸਾਨਾਂ ਦੀਆਂ ਹਵੇਲੀਆਂ ’ਚ ਪਈ ਤੂੜੀ ਅਤੇ ਪਸ਼ੂਆਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਅੱਧੀ ਰਾਤ ਕਰੀਬ ਸਾਢੇ ਬਾਰਾਂ ਵਜੇ ਪਿੰਡ ਵਿੱਚ ਅਫ਼ਰਾ-ਤਫ਼ਰੀ ਮੱਚ ਗਈ। ਦੇਰ ਰਾਤ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਵੱਲੋਂ ਮਦਦ ਦਾ ਭਰੋਸਾ ਦਿੱਤਾ। ਭਿਆਨਕ ਰੂਪ ਧਾਰਨ ਕਰ ਚੁੱਕੀ ਅੱਗ ਨੂੰ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਇਸ ਦੌਰਾਨ ਬਾਰਿਸ਼ ਹੋਣ ਨਾਲ ਅੱਗ ਨੂੰ ਹੋਰ ਫੈਲਣ ਤੋ ਰੋਕਣ ਲਈ ਰਾਹਤ ਮਿਲੀ ਪਰ ਉਸ ਸਮੇਂ ਤੱਕ ਅੱਗ ਕਾਫੀ ਤਬਾਹੀ ਮਚਾ ਚੁੱਕੀ ਸੀ। ਅੱਗ ਕਾਰਨ ਕੁਲਵੰਤ ਸਿੰਘ ਪੁੱਤਰ ਅਮਰ ਸਿੰਘ ਦੀਆਂ 18 ਟਰਾਲੀਆਂ ਤੂੜੀ ਦੀਆਂ ਸੜ ਗਈਆਂ ਅਤੇ 10 ਮੱਝਾਂ ਬੁਰੀ ਤਰ੍ਹਾਂ ਝੁਲਸ ਗਈਆਂ, ਇਸੇ ਤਰ੍ਹਾਂ ਉਸ ਦੇ ਭਰਾ ਬਲਬੀਰ ਸਿੰਘ ਦੀਆਂ ਵੀ ਤੂੜੀ ਦੀਆਂ 18 ਟਰਾਲੀਆਂ ਸੜ ਗਈਆਂ ਜਦਕਿ ਤੀਜੇ ਭਰਾ ਬਲਵੰਤ ਸਿੰਘ ਦੀਆਂ ਤੂੜੀ ਦੀਆਂ 20 ਟਰਾਲੀਆਂ ਸੜੀਆਂ ਹਨ। ਕਿਸਾਨਾਂ ਦੀਆਂ ਹਵੇਲੀਆ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਿੰਡ ’ਚ ਹੀ ਸੁਖਦੇਵ ਸਿੰਘ ਪੁੱਤਰ ਮਹਿੰਗਾ ਸਿੰਘ ਦੀ ਹਵੇਲੀ ’ਚ ਲੱਗੀ ਅੱਗ ਕਾਰਨ ਉਸਦੀਆਂ ਤੂੜੀ ਦੀਆਂ 20 ਟਰਾਲੀਆਂ ਸੜ ਗਈਆਂ ਅਤੇ ਦੋ ਮੱਝਾਂ ਬੁਰੀ ਤਰ੍ਹਾਂ ਝੁਲਸ ਗਈਆਂ। ਅੱਗ ਲੱਗਣ ਨਾਲ ਪਿੰਡ ਦੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਅੱਗ ਦਾ ਇੰਨਾ ਕਹਿਰ ਸੀ ਕਿ ਅੱਜ ਸਵੇਰੇ 10 ਵਜੇ ਤੱਕ ਵੀ ਤੂੜੀ ਨੂੰ ਅੱਗ ਲੱਗੀ ਹੋਈ ਸੀ। ਅੱਜ ਸਵੇਰੇ ਵੈਟਰਨਰੀ ਅਫਸਰ ਡਾ. ਦੀਪਕ ਕੁਮਾਰ, ਵੈਟਰਨਰੀ ਇੰਸਪੈਕਟਰ ਦੀ ਟੀਮ ਨੇ ਅੱਗ ਨਾਲ ਝੁਲਸੇ ਪਸ਼ੂਆਂ ਨੂੰ ਮੈਡੀਕਲ ਸਹਾਇਤਾ ਦਿੱਤੀ।