ਕਾਂਗਰਸੀਆਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਕੇ.ਪੀ. ਸਿੰਘ
ਗੁਰਦਾਸਪੁਰ, 14 ਅਪਰੈਲ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਾਕਿਸਤਾਨ ਤੋਂ ਪੰਜਾਬ ਵਿੱਚ ਆਏ ਬੰਬਾਂ ਸਬੰਧੀ ਦਿੱਤੇ ਬਿਆਨ ਮਗਰੋਂ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਕਾਂਗਰਸ ਭਵਨ ਤੋਂ ਜਹਾਜ਼ ਚੌਕ ਤੱਕ ਪੈਦਲ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਫੇਲ੍ਹ ਸਾਬਤ ਹੋਈ ਹੈ। ਆਏ ਦਿਨ ਪੰਜਾਬ ’ਚ ਬੰਬ ਫੱਟ ਰਹੇ ਹਨ। ਰਾਜ ਨੇਤਾਵਾਂ ਦੇ ਘਰਾਂ ਦੇ ਉੱਪਰ ਬੰਬ ਸੁੱਟੇ ਜਾ ਰਹੇ ਹਨ। ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਪੰਜਾਬ ਅੰਦਰ ਕਾਨੂੰਨ ਵਿਵਸਥਾ ਸੁਧਰਨ ਦੀ ਬਜਾਏ ਮੁੱਖ ਮੰਤਰੀ ਪੰਜਾਬ ਵਿਰੋਧੀ ਆਗੂਆਂ ਦੇ ਖ਼ਿਲਾਫ਼ ਰਾਜਨੀਤਿਕ ਰੰਜਿਸ਼ ਤਹਿਤ ਕੇਸ ਦਰਜ ਕਰ ਰਹੇ ਹਨ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਖੜ੍ਹੀ ਹੈ।