ਪਹਿਲਗਾਮ ਅਤਿਵਾਦੀ ਹਮਲੇ ’ਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਅਪਰੈਲ
ਪਹਿਲਗਾਮ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਜ਼ਿਲ੍ਹੇ ਦੀ ਆਮ ਆਦਮੀ ਪਾਰਟੀ ਵੱਲੋਂ ਹਾਥੀ ਗੇਟ ਤੋਂ ਸ੍ਰੀ ਦੁਰਗਿਆਣਾ ਮੰਦਰ ਤੱਕ ਮੋਮਬੱਤੀ ਮਾਰਚ ਕੀਤਾ ਗਿਆ। ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹਅਤਿਵਾਦੀ ਹਮਲਾ ਬਹੁਤ ਮੰਦਭਾਗਾ, ਕਾਇਰਤਾਪੂਰਨ ਅਤੇ ਮਨੁੱਖਤਾ ਲਈ ਸ਼ਰਮਨਾਕ ਹੈ। ਉਨ੍ਹਾਂ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਤੇ ਹਮਦਰਦੀ ਪ੍ਰਗਟ ਕੀਤੀ। ਦੱਖਣੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਇਹ ਮਨੁੱਖਤਾ ’ਤੇ ਕਾਇਰਤਾਪੂਰਨ ਹਮਲਾ ਹੈ। ਮੇਅਰ ਜਤਿੰਦਰ ਮੋਤੀ ਭਾਟੀਆ ਨੇ ਕਿਹਾ ਕਿ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਦੀ ਤਾਕਤ ਮਿਲੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਮੁਖੀ ਮਨੀਸ਼ ਅਗਰਵਾਲ, ਸਤਪਾਲ ਸੋਖੀ, ਜਸਪ੍ਰੀਤ ਸਿੰਘ, ਅਸ਼ੋਕ ਤਲਵਾੜ, ਰਵਿੰਦਰ ਹੰਸ, ਬਲਵਿੰਦਰ ਸਿੰਘ ਢਿੱਲੋਂ ਅਤੇ ਲੋਕ ਮੌਜੂਦ ਸਨ। ਇਸੇ ਦੌਰਾਨ ਡਾਇਓਸਿਸ ਆਫ ਅੰਮ੍ਰਿਤਸਰ ਤੇ ਚਰਚ ਆਫ ਨੋਰਥ ਇੰਡੀਆ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਏਕਤਾ ਪ੍ਰਗਟ ਕਰਨ ਲਈ ਇੱਕ ਪ੍ਰਾਰਥਨਾ ਸਭਾ ਕਰਵਾਈ। ਬਿਸ਼ਪ ਮਨੋਜ ਚਰਨ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਜਲੰਧਰ (ਹਤਿੰਦਰ ਮਹਿਤਾ): ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਭਗਵਾਨ ਵਾਲਮੀਕੀ ਚੌਕ ਅਤੇ ਨਕੋਦਰ ਸ਼ਹਿਰ ਵਿਖੇ ਵਿਧਾਇਕ ਰਮਨ ਅਰੋੜਾ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਕੀਤਾ ਗਿਆ। ਇਕ ਹੋਰ ਮਾਰਚ ਦੋਆਬਾ ਚੌਕ ਵਿਖੇ ਚੇਅਰਮੈਨ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਚੰਦਨ ਗਰੇਵਾਲ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੰਗਲ ਸਿੰਘ ਬਾਸੀ, ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ। ਹਲਕਾ ਵਿਧਾਇਕ ਰਮਨ ਅਰੋੜਾ ਅਤੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਇਸ ਮੰਦਭਾਗੀ ਘਟਨਾਂ ’ਤੇ ਹਮਦਰਦੀ ਪ੍ਰਗਟਾਈ।
ਪਠਾਨਕੋਟ (ਐੱਨਪੀ ਧਵਨ): ਅੱਜ ਅੱਧਾ ਦਿਨ ਪਠਾਨਕੋਟ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਵਪਾਰਕ ਅਤੇ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੇ ਸਾਰੇ ਸੰਸਥਾਨ ਬੰਦ ਕਰਕੇ ਡਾਕਖਾਨਾ ਚੌਕ ਵਿੱਚ ਪ੍ਰਦਰਸ਼ਨ ਕੀਤਾ। ਵਪਾਰੀਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਇਸੇ ਤਰ੍ਹਾਂ ਸੁਜਾਨਪੁਰ ਵਿੱਚ ਵੀ ਵਪਾਰ ਮੰਡਲ ਦੇ ਸੱਦੇ ’ਤੇ ਲੋਕਾਂ ਨੇ ਦੁਕਾਨਾਂ ਬੰਦ ਰੱਖੀਆਂ ਅਤੇ ਸੁਜਾਨਪੁਰ ਅੰਦਰ ਰੋਸ ਮਾਰਚ ਕੀਤਾ।
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਸ਼ਹਿਰ ਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਕੇ ਸਥਾਨਕ ਵਾਲਮੀਕੀ ਚੌਂਕ ਵਿੱਚ ਪਾਕਿਸਤਾਨ ਦਾ ਪੁਤਲਾ ਫੂਕਿਆ ਤੇ ਸ਼ਹਿਰ ਪੂਰਨ ਰੂਪ ਵਿੱਚ ਬੰਦ ਰਿਹਾ। ਸ੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸੋਨੀ ਅਰੋੜਾ ਤੇ ਰੌਕੀ ਜੈਨ ਨੇ ਦੱਸਿਆ ਕਿ ਪਹਿਲਗਾਮ ਅਤਿਵਾਦੀ ਹਮਲੇ ਦੇ ਰੋਸ ਵਜੋਂ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਰਾਜਨੀਤਿਕ ਵਪਾਰਿਕ ਐਸੋਸੀਏਸ਼ਨ ਅਤੇ ਸ਼ਹਿਰ ਵਾਸੀਆਂ ਨੇ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਸੀ ਜਿਸ ਕਾਰਨ ਜੰਡਿਆਲਾ ਗੁਰੂ ਮੁਕੰਮਲ ਰੂਪ ਵਿੱਚ ਬੰਦ ਰਿਹਾ ਤੇ ਸਾਰੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਸਥਾਨਕ ਵਾਲਮੀਕਿ ਚੌਕ ਵਿੱਚ ਪਾਕਿਸਤਾਨ ਦਾ ਪੁਤਲੇ ਨੂੰ ਫੂਕਿਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹਿੰਦੂ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ’ਤੇ ਅੱਜ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਜ਼ਿਆਦਤਰ ਲੋਕਾਂ ਨੇ ਸਵੈ-ਇੱਛਾ ਵਜੋਂ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖੇ ਅਤੇ ਜੋ ਦੁਕਾਨਾਂ ਤੇ ਫ਼ੜ੍ਹੀਆਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਾਜ਼ਾਰਾਂ ਵਿੱਚ ਮਾਰਚ ਕੀਤਾ। ਉਨ੍ਹਾਂ ਪੈਟਰੋਲ ਪੰਪ ਅਤੇ ਬੈਂਕ ਵੀ ਬੰਦ ਕਰਵਾ ਦਿੱਤੇ। ਸ਼ਹਿਰ ਤੋਂ ਬਾਹਰਲੇ ਸਕੂਲ ਖੁੱਲ੍ਹੇ ਰਹੇ ਪਰ ਸ਼ਹਿਰ ਅੰਦਰ ਸਥਿਤ ਵਿਦਿਅਕ ਸੰਸਥਾਵਾਂ ਬੰਦ ਰਹੀਆਂ। ਸਿੱਖ ਤੇ ਮੁਸਲਿਮ ਭਾਈਚਾਰੇ ਨੇ ਵੀ ਸ਼ਹਿਰ ਵਿਚ ਰੋਸ ਮਾਰਚ ਕਰ ਕੇ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ। ਸ਼ਹਿਰ ਦੇ ਸਾਰੇ ਮੁੱਖ ਚੌਕਾਂ ’ਚ ਪੁਲੀਸ ਫ਼ੋਰਸ ਤੈਨਾਤ ਸੀ।
ਇਸੇ ਦੌਰਾਨ ਭਾਰਤ ਵਿਕਾਸ ਪਰਿਸ਼ਦ ਅਤੇ ਐਕਸ ਸਰਵਿਸਮੈਨ ਐਸੋਸੀਏਸ਼ਨ ਵੱਲੋਂ ਸਮਾਜ ਸੇਵੀ ਸੰਜੀਵ ਅਰੋੜਾ ਅਤੇ ਕਰਨਲ ਰਘੂਵੀਰ ਸਿੰਘ ਦੀ ਅਗਵਾਈ ਹੇਠ ਵਾਰ ਮੈਮੋਰੀਅਲ ਤੋਂ ਘੰਟਾ ਘਰ ਤੱਕ ਮੋਮਬੱਤੀ ਮਾਰਚ ਕੀਤਾ ਗਿਆ।
ਕਪੂਰਥਲਾ (ਜਸਬੀਰ ਸਿੰਘ ਚਾਨਾ): ਅੱਜ ਕਪੂਰਥਲਾ ਸ਼ਹਿਰ ਅੱਧਾ ਦਿਨ ਬੰਦ ਰਿਹਾ। ਹਿੰਦੂ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਨੇ ਇਕੱਠੇ ਹੋ ਕੇ ਮਨੀਮਹੇਸ਼ ਮੰਦਿਰ ਤੋਂ ਰੋਸ ਮਾਰਚ ਕੀਤਾ। ਪੁਲੀਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤੇ ਐੱਸਐੱਸਪੀ ਗੌਰਵ ਤੂਰਾ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ।
ਬਲਾਚੌਰ (ਬਹਾਦਰਜੀਤ ਸਿੰਘ): ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ।
ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਦਸੂਹਾ-ਮੁਕੇਰੀਆਂ ਨੈਸ਼ਨਲ ਹਾਈਵੇਅ ਦੇ ਹਾਜ਼ੀਪੁਰ ਚੌਕ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਅਤਿਵਾਦੀ ਹਮਲੇ ਖ਼ਿਲਾਫ਼ ਨੌਜਵਾਨ ਆਗੂ ਅੰਕਿਤ ਰਾਣਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।
ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ ਕਾਂਗਰਸ ਵਲੋਂ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਦੇ ਸਾਹਮਣੇ ਮੋਮਬੱਤੀਆਂ ਜਗ੍ਹਾ ਕੇ ਪਹਿਲਗਾਮ ਅਤਿਵਾਦੀ ਹਮਲੇ ’ਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਕਾਂਗਰਸ ਪਾਰਟੀ ਤੇ ਪੂਰਾ ਦੇਸ਼ ਪ੍ਰਭਾਵਿਤ ਪਰਿਵਾਰਾਂ ਦੇ ਦੁੱਖ ’ਚ ਸ਼ਾਮਲ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਦੇ ਖੁਫ਼ੀਆ ਸਿਸਟਮ ’ਤੇ ਵੀ ਸਵਾਲ ਖੜ੍ਹੇ ਕੀਤੇ। ਇਸ ਮੌਕੇ ਸੰਜੀਵ ਬੁੱਗਾ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਦਿਹਾਤੀ, ਮਹਿਲਾ ਕਾਂਗਰਸ, ਇੰਟਕ ਯੂਨੀਅਨ, ਐੱਸਸੀ ਸੈੱਲ, ਬੀਸੀ ਸੈੱਲ, ਕਾਂਗਰਸ ਸੇਵਾ ਦਲ, ਐੱਨਐੱਸਯੂਆਈ ਦੇ ਵਰਕਰਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਮ੍ਰਿਤਕ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ।
ਗੁਰਦਾਸਪੁਰ (ਕੇਪੀ ਸਿੰਘ): ‘ਆਪ’ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵੱਲੋਂ ਗੁਰਦਾਸਪੁਰ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ ਅਤੇ ਸ਼ੋਕ ਸਭਾ ਕੀਤੀ ਗਈ। ਮੋਮਬੱਤੀ ਮਾਰਚ ਹਨੂਮਾਨ ਚੌਕ ਤੋਂ ਸ਼ੁਰੂ ਹੋ ਕੇ ਅਮਾਮਵਾੜਾ, ਸ਼ਹਿਰ ਦੇ ਅੰਦਰੂਨੀ ਬਜ਼ਾਰ, ਬਾਬਾ ਰੂੜਾ ਬੂੜਾ ਮੰਦਰ ਵੱਲ ਦੀ ਹੁੰਦਾ ਹੋਇਆ ਬਾਟਾ ਚੌਕ ਲੰਘ ਕੇ ਡਾਕਖ਼ਾਨਾ ਚੌਕ ਵਿੱਚ ਸਮਾਪਤ ਹੋਇਆ। ਚੇਅਰਮੈਨ ਭਾਰਤ ਭੂਸ਼ਨ ਸ਼ਰਮਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਵੱਖ ਵੱਖ ਜਥੇਬੰਦੀਆਂ ਵੱਲੋਂ ਪਹਿਲਗਾਮ ਅਤਿਵਾਦੀ ਹਮਲੇ ਦੀ ਨਿਖੇਧੀ
ਜਲੰਧਰ (ਹਤਿੰਦਰ ਮਹਿਤਾ): ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਫੁੱਲਾਂ ਲੱਦੀ ਕਸ਼ਮੀਰ ਦੀ ਘਾਟੀ ਅੰਦਰ ਸੈਲਾਨੀਆਂ ਨੂੰ ਚੋਣਵਾਂ ਨਿਸ਼ਾਨਾ ਬਣਾ ਕੇ ਕੀਤੀ ਗੋਲੀਆਂ ਦੀ ਵਾਛੜ ਨੇ ਦੇਸ਼ ਦੁਨੀਆਂ ਵਿੱਚ ਵਸਦੇ ਲੋਕ-ਦਰਦੀ,ਅਮਨ- ਪਸੰਦ ਅਤੇ ਸਮਾਜਿਕ ਭਾਈਚਾਰਕ ਸਾਂਝ ਪ੍ਰਤੀ ਸੰਵੇਦਨਸ਼ੀਲ ਹਰ ਵਿਅਕਤੀ ਦਾ ਕਲੇਜਾ ਵਲੂੰਧਰ ਕੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜਹਾਰ ਕੀਤਾ। ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਅਗਾਂਹਵਧੂ, ਅਮਨਪਸੰਦ ਤੇ ਜਮਹੂਰੀ ਲੋਕਾਂ ਨੂੰ ਇਸ ਕਤਲੇਆਮ ਦੀ ਨਿਖੇਧੀ ਕਰਨ ਅਤੇ ਇਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਈਸਾਈ ਭਾਈਚਾਰੇ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ। ਗਲੋਬਲ ਕ੍ਰਿਸ਼ੀਅਚਨ ਐਕਸ਼ਨ ਕਮੇਟੀ ਵੱਲੋਂ ਮੋਮਬੱਤੀ ਮਾਰਚ ਸਰਕਟ ਹਾਊਸ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਚੌਕ ’ਚ ਸਮਾਪਤ ਹੋਇਆ। ਸੰਸਥਾ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਅੱਤਵਾਦੀਆਂ ਨੇ ਕਾਇਰਤਾਪੁਰਨ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਸ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਡਾ. ਲੁਕਸ ਮਸੀਹ, ਹਮਿਦ ਮਸੀਹ, ਪੀਟਰ ਮਸੀਹ, ਬਿਸ਼ਬ ਮਸੀਹ, ਬਿਸ਼ਬ ਰਾਜ ਮਸੀਹ ਸਮੇਤ ਮੈਂਬਰ ਮੌਜੂਦ ਸਨ।
ਅਮਿਤ ਸ਼ਾਹ ਤੋਂ ਅਸਤੀਫ਼ਾ ਮੰਗਿਆ
ਨਵਾਂਸ਼ਹਿਰ (ਲਾਜਵੰਤ ਸਿੰਘ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕਰੇਸੀ ਵਲੋਂ ਅੱਜ ਸਥਾਨਕ ਬਾਰਾਦਰੀ ਬਾਗ ਵਿਚ ਪਹਿਲਗਾਮ ਵਿਚ ਮਾਰੇ ਗਏ 26 ਨਿਰਦੋਸ਼ਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਇਸ ਕਾਂਡ ਦੇ ਵਿਰੋਧ ਵਿਚ ਸ਼ਹਿਰ ਅੰਦਰ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਇਹ ਕਾਂਡ ਉਦੋਂ ਵਾਪਰਿਆ ਜਦੋਂ ਦੇਸ਼ ਵਿਚ ਮੋਦੀ ਸਰਕਾਰ ਵਲੋਂ ਪਾਸ ਵਕਫ ਸੋਧ ਕਾਨੂੰਨ ਦਾ ਮੁਲਕ ਭਰ ’ਚ ਤਿੱਖਾ ਵਿਰੋਧ ਹੋ ਰਿਹਾ ਸੀ, ਇਸ ਕਰਕੇ ਇਸ ਦੀ ਉੱਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।
ਕਾਂਗਰਸ ਨੇ ਅਤਿਵਾਦ ਦਾ ਪੁਤਲਾ ਸਾੜਿਆ
ਪਠਾਨਕੋਟ (ਐੱਨਪੀ ਧਵਨ): ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਬਨੀਲੋਧੀ ਵਿੱਚ ਕਾਂਗਰਸ ਦਫ਼ਤਰ ਮੂਹਰੇ ਅਤਿਵਾਦ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਨਾਜੋਵਾਲ, ਸਤੀਸ਼ ਸਰਨਾ, ਸਤੀਸ਼ ਜੱਟ, ਰਾਕੇਸ਼ ਕੁਮਾਰ ਬੌਬੀ, ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਕੀ, ਕੁਲਜੀਤ ਸੈਣੀ, ਬਲਾਕ ਪ੍ਰਧਾਨ ਹਰਸ਼ ਸ਼ਰਮਾ ਅਤੇ ਸਤੀਸ਼ ਸਰਨਾ ਹਾਜ਼ਰ ਸਨ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਮੰਗ ਕੀਤੀ ਕਿ ਸਾਜ਼ਿਸ਼ ਰਚਣ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਢੁੱਕਵਾਂ ਜਵਾਬ ਦਿੱਤਾ ਜਾਵੇ।
ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ: ਪਹੂਲਾ
ਕਾਦੀਆਂ (ਸੁੱਚਾ ਸਿੰਘ ਪਸਨਾਵਾਲ): ਇੱਥੋਂ ਨੇੜਲੇ ਨਿਹੰਗ ਸਿੰਘ ਸਾਉਣੀ ਹਰਚੋਵਾਲ ਤੋਂ ਤਰਨਾ ਦਲ ਦੇ ਮੁਖੀ ਜਥੇਦਾਰ ਰਣਜੀਤ ਸਿੰਘ ਪਹੂਲਾ ਨੇ ਜੰਮੂ ਕਸਮੀਰ ਦੇ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਮਸੂਮ ਨਿਹੱਥੇ ਸੈਲਾਨੀਆਂ ’ਤੇ ਕੀਤੇ ਕਾਇਰਾਨਾ ਹਮਲੇ ਦੀ ਘੋਰ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਸ ਘਿਨਾਉਣੇ ਕਾਂਡ ਦੇ ਪਿੱਛੇ ਜੋ ਲੋਕ ਹਨ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ ਅਤੇ ਇਸ ਹਮਲੇ ਦੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਜਾਣ।
ਮੋਮਬੱਤੀ ਮਾਰਚ ਅੱਜ
ਫਗਵਾੜਾ (ਪੱਤਰ ਪ੍ਰੇਰਕ): ਜਨਰਲ ਸਮਾਜ ਮੰਚ ਦੀ ਮੀਟਿੰਗ ਪ੍ਰਧਾਨ ਮੋਹਨ ਸਿੰਘ ਸਾਈਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਹਿਲਗਾਮ ਅਤਿਵਾਦੀ ਹਮਲੇ ’ਚ ਮਾਰੇ ਗਏ ਸੈਲਾਨੀਆਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋਂ ਬਾਅਦ ਪ੍ਰਧਾਨ ਮੋਹਨ ਸਿੰਘ ਸਾਈਂ ਅਤੇ ਉਪ ਪ੍ਰਧਾਨ ਨਰੇਸ਼ ਭਾਰਦਵਾਜ ਨੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਯਾਦ ’ਚ ਜਨਰਲ ਸਮਾਜ ਮੰਚ 25 ਅਪਰੈਲ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਡਾ. ਅੰਬੇਡਕਰ ਪਾਰਕ, ਗੁਰੂ ਹਰਗੋਬਿੰਦ ਨਗਰ ਤੋਂ ਇੱਕ ਮੋਮਬੱਤੀ ਮਾਰਚ ਕੀਤਾ ਜਾਵੇਗਾ।
ਕਿਸਾਨਾਂ ਨੇ ਇਕਜੁੱਟਤਾ ਜਤਾਈ
ਅਜਨਾਲਾ (ਸੁਖਦੇਵ ਸਿੰਘ): ਪਹਿਲਗਾਮ ਦੀ ਘਿਨੌਣੀ ਘਟਨਾ ਖਿਲਾਫ਼ ਕਸ਼ਮੀਰੀਆਂ ਨਾਲ ਇੱਕਮੁੱਠਤਾ ਜਿਤਾਉਣ ਲਈ ਸਰਹੱਦੀ ਪਿੰਡ ਭਿੰਡੀ ਸੈਦਾਂ ਵਿਚ ਵਿਸ਼ੇਸ਼ ਮੀਟਿੰਗ ਵਿੱਚ ਬੋਲਦਿਆ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਲੱਖਾਂ ਸੈਲਾਨੀ ਗਰਮੀਆਂ ਦੇ ਦਿਨਾਂ ਵਿੱਚ ਸੈਰ ਕਰਨ ਕਸ਼ਮੀਰ ਜਾਂਦੇ ਹਨ, ਉਨ੍ਹਾਂ ਦੀ ਸੁਰੱਖਿਆ ਵਿੱਚ ਢਿੱਲ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਮੈਂਬਰਾਂ ਨੇ ਕਿਹਾ ਕਿ ਸਰਹੱਦਾਂ ’ਤੇ ਅਮਨ ਬਹਾਲ ਰੱਖਣ ਲਈ ਪ੍ਰਬੰਧ ਬਣਾਏ ਜਾਣ।