ਕਿਸੇ ਵੀ ਸਮੇਂ ਬੰਦ ਹੋ ਸਕਦੈ ਕਰਤਾਰਪੁਰ ਲਾਂਘਾ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 24 ਅਪਰੈਲ
ਕੌਮਾਂਤਰੀ ਸੀਮਾ ’ਤੇ ਸਥਿਤ ਸ੍ਰੀ ਕਰਤਾਰਪੁਰ ਕੋਰੀਡੋਰ ਤੋਂ ਅੱਜ ਤਿੰਨ ਸੌ ਤੋਂ ਵੱਧ ਸ਼ਰਧਾਲੂਆਂ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਉਂਜ ਅੱਜ 493 ਸ਼ਰਧਾਲੂਆਂ ਨੂੰ ਜਾਣ ਦੀ ਪ੍ਰਵਾਨਗੀ ਮਿਲੀ ਸੀ।
ਸੂਤਰ ਦੱਸਦੇ ਹਨ ਕਿ ਸਾਈਟ ਚੱਲਣ ਦੀ ਬਹੁਤ ਧੀਮੀ ਗਤੀ ਕਾਰਨ ਕੁਝ ਸ਼ਰਧਾਲੂ ਦਰਸ਼ਨ ਕਰਨ ਤੋਂ ਵਾਂਝੇ ਰਹਿ ਗਏ। ਪਾਕਿਸਤਾਨ ਜਾਣ ਵਾਲੇ ਵੱਖ ਵੱਖ ਸ਼ਰਧਾਲੂਆਂ ਨੇ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਸੈਲਾਨੀਆਂ ਦੀਆਂ ਹੱਤਿਆ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕਰੀਬ ਮਹੀਨਾ ਭਰ ਪਹਿਲਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਫਾਰਮ ਭਰਿਆ ਸੀ। ਸੂਤਰ ਦੱਸਦੇ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕਰਨ,ਵਾਹਗਾ ਬਾਰਡਰ ਬੰਦ ਕਰਨ ਸਮੇਤ ਹੋਰ ਪਾਕਿਸਤਾਨ ’ਤੇ ਹੋਰ ਪਾਬੰਦੀਆਂ ਲਗਾਈਆਂ ਗਈਆਂ ਅਤੇ ਇਸੇ ਤਹਿਤ ਕਰਤਾਰਪੁਰ ਕੋਰੀਡੋਰ ਕਿਸੇ ਸਮੇਂ ਵੀ ਬੰਦ ਹੋ ਸਕਦਾ ਹੈ। ਅੱਜ ਪੰਜਾਬ ਅਤੇ ਗੂਆਂਢੀ ਪ੍ਰਾਂਤਾਂ ਤੋਂ ਆਏ ਸ਼ਰਧਾਲੂਆਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਜਦੋਂ ਕਿ 493 ਸ਼ਰਧਾਲੂਆਂ ਨੂੰ ਅੱਜ ਦਰਸ਼ਨ ਕਰਨ ਦੀ ਪ੍ਰਵਾਨਗੀ ਮਿਲੀ ਸੀ ਪਰ ਸਵੇਰ ਤੋਂ ਸਾਈਟ ਬਹੁਤ ਧੀਮੀ ਗਤੀ ਨਾਲ ਚੱਲ ਰਹੀ ਸੀ। ਸਿੱਟੇ ਵਜੋਂ ਤਿੰਨ ਸੌ ਤੋਂ ਵੱਧ ਸ਼ਰਧਾਲੂ ਹੀ ਦਰਸ਼ਨ ਦੀਦਾਰੇ ਕਰਨ ’ਚ ਸਫ਼ਲ ਹੋਏ। ਹਰਿਆਣਾ ਤੋਂ ਆਈ ਸ਼ਰਧਾਲੂ ਸੋਮਰਾਜ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਨੂੰ ਜਿੱਥੇ ਵਢਭਾਗਾ ਦੱਸਿਆ, ਉਥੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਸ਼ੈਲਾਨੀਆਂ ਦੇ ਕਤਲ ਦੀ ਨਿੰਦਾ ਕੀਤੀ। ਬੀਐੱਸਐੱਫ ਨੇ ਕੌਮਾਂਤਰੀ ਸੀਮਾ ਨਾਲ ਲੱਗਦੇ ਖੇਤਰ ਵਿੱਚ ਹੋਰ ਚੌਕਸੀ ਵਧਾ ਦਿੱਤੀ ਹੈ।