ਵਿਧਾਨ ਸਭਾ ਹਲਕਾ ਭੋਆ ਦੇ 18 ਪਿੰਡਾਂ ਦੇ ਸਰਪੰਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਐਨ ਪੀ ਧਵਨ
ਪਠਾਨਕੋਟ, 15 ਅਪਰੈਲ
ਭੋਆ ਵਿਧਾਨ ਸਭਾ ਹਲਕੇ ਅੰਦਰ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੂੰ ਉਸ ਵੇਲੇ ਝਟਕਾ ਲੱਗਾ ਜਦ 18 ਪਿੰਡਾਂ ਦੇ ਸਰਪੰਚਾਂ ਨੇ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਸਿਆਸੀ ਧਮਾਕਾ ਉਸ ਵੇਲੇ ਹੋਇਆ ਜਦ ਅਗਲੇ ਮਹੀਨੇ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣ ਵਾਲੀਆਂ ਹਨ। ਆਮ ਆਦਮੀ ਪਾਰਟੀ ਦੇ ਲਗਾਤਾਰ ਵਧ ਰਹੇ ਗਰਾਫ ਨੂੰ ਲੈ ਕੇ ਇਸ ਹਲਕੇ ਅੰਦਰ ਸਿਆਸੀ ਮਾਹਿਰ ਹੁਣੇ ਤੋਂ ਗਿਣਤੀਆਂ ਮਿਣਤੀਆਂ ਕਰਨ ਦੀ ਚਰਚਾ ਵਿੱਚ ਰੁੱਝ ਗਏ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ਾਮਲ ਹੋਣ ਵਾਲੇ ਇਨ੍ਹਾਂ ਸਰਪੰਚਾਂ, ਪੰਚਾਂ, ਸਮਿਤੀ ਮੈਂਬਰਾਂ ਅਤੇ ਨੰਬਰਦਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਅੱਜ ਤੋਂ ਉਹ ਸਾਰੇ ਰਲ-ਮਿਲ ਕੇ ਪਿੰਡਾਂ ਦੇ ਵਿਕਾਸ ਲਈ ਕੰਮ ਕਰਨਗੇ। ਉਨ੍ਹਾਂ ਸਰਪੰਚਾਂ ਨੂੰ ਇਹ ਵੀ ਕਿਹਾ ਕਿ ਉਹ ਆਪੋ-ਆਪਣੇ ਪਿੰਡਾਂ ਦਾ ਖਾਕਾ ਤੇ ਰੂਟ ਮੈਪ ਤਿਆਰ ਕਰਨ ਜਿਹੜੇ ਕੰਮ ਪਹਿਲ ਦੇ ਆਧਾਰ ’ਤੇ ਹੋਣ ਵਾਲੇ ਹਨ, ਉਨ੍ਹਾਂ ਦੀ ਲਿਸਟ ਤਿਆਰ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।