ਪੁਲਾੜ ਦੇ ਪਾਂਧੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ

ਪ੍ਰਿੰਸੀਪਲ ਵਿਜੈ ਕੁਮਾਰ
ਪੰਜ ਜੂਨ 2024 ਨੂੰ ਕੇਵਲ ਨੌਂ ਦਿਨ ਲਈ ਖੋਜ ਦੇ ਉਦੇਸ਼ ਨਾਲ ਪੁਲਾੜ ’ਚ ਗਏ ਦੋ ਪੁਲਾੜ ਯਾਤਰੀਆਂ ਬੁੱਚ ਵਿਲਮੋਰ ਤੇ ਸੁਨੀਤਾ ਵਿਲੀਅਮਜ਼ ਦੀ 19 ਮਾਰਚ 2025 ਨੂੰ 286 ਦਿਨਾਂ ਮਗਰੋਂ ਹੋਈ ਵਾਪਸੀ ਦੀ ਸਾਰੀ ਦੁਨੀਆ ’ਚ ਭਰਪੂਰ ਚਰਚਾ ਹੋਈ। ਉਹ ਸਾਰੀ ਦੁਨੀਆ ਦੇ ਹਰਮਨ ਪਿਆਰੇ ਬਣ ਗਏ ਤੇ ਉਨ੍ਹਾਂ ਦੇ ਧਰਤੀ ਉੱਤੇ ਪਹੁੰਚਣ ’ਤੇ ਜਿੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ, ਉੱਥੇ ਭਰਪੂਰ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ।
ਉਨ੍ਹਾਂ ਦੀ ਵਾਪਸੀ ਤਕਨੀਕੀ ਕਾਰਨਾਂ ਕਰਕੇ ਵਾਰ-ਵਾਰ ਟਲਦੀ ਰਹੀ ਅਤੇ ਉਨ੍ਹਾਂ ਨੇ ਇਸ ਯਾਤਰਾ ਦੌਰਾਨ ਆਈਆਂ ਔਕੜਾਂ, ਮੁਸੀਬਤਾਂ, ਸਮੱਸਿਆਵਾਂ ਅਤੇ ਦੁੱਖਾਂ ਸਾਹਮਣੇ ਨਾ ਤਾਂ ਹੌਸਲਾ ਹਾਰਿਆ ਅਤੇ ਨਾ ਹੀ ਉਨ੍ਹਾਂ ਨੇ ਮੁੜ ਧਰਤੀ ਉੱਤੇ ਪਹੁੰਚਣ ਦੀ ਉਮੀਦ ਛੱਡੀ। ਉਨ੍ਹਾਂ ਦੀ ਉਮਰ ਅਤੇ ਧਰਤੀ ’ਤੇ ਆ ਕੇ ਉਨ੍ਹਾਂ ਦੇ ਸਰੀਰਾਂ ਦੇ ਅੰਗਾਂ ’ਤੇ ਪੁਲਾੜ ਦੇ ਵਾਤਾਵਰਨ ਦੇ ਪ੍ਰਭਾਵ ਬਾਰੇ ਸੁਣ ਕੇ ਦੁਨੀਆ ਭਰ ਦੇ ਲੋਕਾਂ ਨੇ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਕੁੱਝ ਕਰਕੇ ਵਿਖਾਉਣ ਦੇ ਜਜ਼ਬੇ ਦੀ ਖੂਬ ਦਾਦ ਦਿੱਤੀ। ਉਨ੍ਹਾਂ ਨੇ ਅੰਤਰਾਸ਼ਟਰੀ ਪੁਲਾੜ ਸਪੇਸ ਸਟੇਸ਼ਨ ’ਤੇ ਇੱਕ ਮਹੱਤਵਪੂਰਨ ਅਧਿਆਏ ਲਿਖਿਆ ਹੈ।
ਦੁਨੀਆ ਦੇ ਪ੍ਰਸਿੱਧ ਉਨ੍ਹਾਂ ਦੋਹਾਂ ਪੁਲਾੜ ਯਾਤਰੀਆਂ ’ਚੋਂ ਅਮਰੀਕਾ ਦੇ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਾਤਾ ਫੇਯ ਅਤੇ ਪਿਤਾ ਯੂਜੀਨ ਦੇ ਹੋਣਹਾਰ ਪੁੱਤਰ ਯੁਬੈਰੀ ਯੂਜੀਨ ਵਿਲਮੌਰ ਦਾ ਜਨਮ 29 ਦਸੰਬਰ 1962 ਨੂੰ ਅਮਰੀਕਾ ਦੇ ਟੈਨੇਸੀ ਰਾਜ ਦੇ ਮਰਫੀਜਬੋਰੋ ਵਿਖੇ ਹੋਇਆ, ਪਰ ਉਸ ਦਾ ਪਾਲਣ ਪੋਸ਼ਣ ਮਾਊਂਟ ਜੂਲੀਅਟ ਵਿਖੇ ਹੋਇਆ। ਬਚਪਨ ਤੋਂ ਹੀ ਉਸ ਦੀ ਰੁਚੀ ਅਸਮਾਨ ’ਚ ਉੱਡਣ ਦੀ ਸੀ। ਉਸ ਨੇ ਮਾਊਂਟ ਜੂਲੀਅਟ ਦੇ ਟੈਨੇਸੀ ਦੇ ਮਾਉਂਟੀ ਕਾਉਂਟੀ ਹਾਈ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਗਿਆਨ ’ਚ ਗ੍ਰੈਜੂਏਸ਼ਨ, ਟੈਨੇਸੀ ਟੇਕ ਤੋਂ ਹਵਾਈ ਇੰਜੀਨੀਅਰਿੰਗ, ਟੈਨੇਸੀ ਯੂਨੀਵਰਸਿਟੀ ਤੋਂ ਜਹਾਜ਼ ਪ੍ਰਣਾਲੀਆਂ ’ਚ ਮਾਸਟਰ ਆਫ ਸਾਇੰਸ ਦੀਆਂ ਡਿਗਰੀਆਂ ਹਾਸਲ ਕੀਤੀਆਂ। ਉਹ ਆਪਣੇ ਵਿਦਿਆਰਥੀ ਜੀਵਨ ’ਚ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਰਿਹਾ। ਉਸ ਦਾ ਵਿਆਹ ਡੀਨਾ ਵਿਲਮੋਰ ਨਾਲ ਹੋਇਆ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ।
ਬੁੱਚ ਵਿਲਮੋਰ ਨੇ ਫੌਜ ਦੇ ਫਾਈਟਰ ਪਾਇਲਟ ਦੇ ਤੌਰ ’ਤੇ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਨੇ ਅਮਰੀਕੀ ਨੌਸੈਨਾ ’ਚ ਏਵੀਏਟਰ ਵਜੋਂ ਹੀ ਕੰਮ ਕੀਤਾ। ਬਾਅਦ ਵਿੱਚ 2000 ਵਿੱਚ ਨਾਸਾ ਵੱਲੋਂ ਪੁਲਾੜ ਯਾਤਰੀ ਚੁਣੇ ਜਾਣ ’ਤੇ ਉਸ ਨੇ ਇਸ ਖੇਤਰ ’ਚ ਆਪਣੀਆਂ ਸੇਵਾਵਾਂ ਨਿਭਾਈਆਂ। ਉਸ ਨੇ ਪੁਲਾੜ ਯਾਤਰੀ ਵਜੋਂ ਆਪਣੇ 16 ਨਵੰਬਰ 2009 ਨੂੰ ਸ਼ੁਰੂ ਹੋਏ ਪਹਿਲੇ ਪੁਲਾੜ ਐੱਸ.ਟੀ.ਐੱਸ.-129 (ਸਪੇਸ ਸ਼ਟਲ ਮਿਸ਼ਨ) ਦੌਰਾਨ ਪੁਲਾੜ ’ਚ 16 ਮਹੀਨੇ, 11 ਦਿਨ, 19 ਘੰਟੇ ਗੁਜ਼ਾਰੇ। ਦੂਜੇ ਐਕਸਪੀਡੀਸ਼ਨ 41/42 (ਅੰਤਰਰਾਸ਼ਟਰੀ ਪੁਲਾੜ ਕੇਂਦਰ ਆਈ.ਐੱਸ.ਐੱਸ.) 2014 ਪੁਲਾੜ ਵਿੱਚ ਛੇ ਮਹੀਨੇ ਰਿਹਾ। 2024 ਦੇ ਬੋਇੰਗ ਸਟਾਰਲਿੰਕ ਮਿਸ਼ਨ ਵਿੱਚ ਬੋਇੰਗ ਕ੍ਰਿਊ ਫਲਾਈਟ ਟੈਸਟ ਦੇ ਪਹਿਲੇ ਕਮਾਂਡਰ ਵਜੋਂ ਉਸ ਦਾ ਹਿੱਸਾ ਬਣਿਆ। ਉਸ ਨੇ 178 ਦਿਨ ਦੀ ਇਸ ਯਾਤਰਾ ਵਿੱਚ ਇੰਜੀਨੀਰਿੰਗ ਅਤੇ ਵਿਗਿਆਨਕ ਪ੍ਰਯੋਗ ਕੀਤੇ। 5 ਜੂਨ 2024 ਤੋਂ ਉਸ ਨੇ ਸੁਨੀਤਾ ਵਿਲੀਅਮਜ਼ ਨਾਲ 18 ਮਾਰਚ 2025 ਤੱਕ 286 ਦਿਨਾਂ ਦੀ ਬੋਇੰਗ ਸਟਾਰਲਾਈਨਰ ਯਾਨ ਦੀ ਜਾਂਚ ਲਈ ਅੰਤਰਰਾਸ਼ਟਰੀ ਪੁਲਾੜ ਕੇਂਦਰ ਦੀ ਯਾਤਰਾ ਕੀਤੀ। ਉਹ ਕੇਵਲ ਅੱਠ ਦਿਨਾਂ ਲਈ ਯਾਤਰੀਆਂ ਨੂੰ ਲਿਜਾਣ ਅਤੇ ਲਿਆਉਣ ਗਏ ਸਨ, ਪਰ ਸਟਾਰਲਾਈਨਰ ’ਚ ਸਮੱਸਿਆਵਾਂ ਆਉਣ ਕਾਰਨ ਉਨ੍ਹਾਂ ਨੂੰ ਪੁਲਾੜ ’ਚ 9 ਮਹੀਨੇ ਰਹਿਣਾ ਪਿਆ। ਇਸ ਯਾਤਰਾ ਦੌਰਾਨ ਉਨ੍ਹਾਂ ਨੇ ਕਈ ਵਿਗਿਆਨਕ ਪ੍ਰਯੋਗ ਅਤੇ ਰੱਖ ਰਖਾਅ ਦੇ ਕੰਮ ਕੀਤੇ। ਇਹ ਮਿਸ਼ਨ ਕੇਵਲ ਤਕਨੀਕੀ ਚੁਣੌਤੀਆਂ ਭਰਪੂਰ ਹੀ ਨਹੀਂ, ਸਗੋਂ ਪੁਲਾੜ ਯਾਤਰੀਆਂ ਦੇ ਹੌਸਲੇ ਤੇ ਸੰਸਥਾਵਾਂ ਦੀ ਸਮਰੱਥਾ ਨੂੰ ਵੀ ਦਰਸਾਉਂਦਾ ਹੈ। ਉਸ ਨੂੰ ਉਸ ਦੇ ਇਸ ਸਮਰਪਣ, ਕਾਮਯਾਬ ਪੁਲਾੜ ਯਾਤਰੀ ਅਤੇ ਲੀਡਰ ਵਜੋਂ ਸਮੇਂ- ਸਮੇਂ ’ਤੇ ਅਨੇਕਾਂ ਮਾਣ ਤੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ।
ਸਾਰੀ ਦੁਨੀਆ ਦੀ ਧੀ ਬਣ ਚੁੱਕੀ ਅਤੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਪਾਂਡਿਆ ਦੇ ਪਿਤਾ ਡਾਕਟਰ ਦੀਪਕ ਪਾਂਡਿਆ ਜੋ ਕਿ ਪੇਸ਼ੇ ਤੋਂ ਵਿਗਿਆਨੀ ਹਨ, ਦਾ ਸਬੰਧ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਨਾਲ ਹੈ। ਉਹ ਸਨ 1958 ਵਿੱਚ ਅਮਰੀਕਾ ਦੇ ਬੋਸਟਨ ਸ਼ਹਿਰ ’ਚ ਜਾ ਕੇ ਵਸ ਗਏ। ਉਸ ਦੀ ਮਾਂ ਬਾਨੀ ਜਾਲੋਕਰ ਸਾਲਵੇਨਿਆ ਤੋਂ ਹਨ। ਸੁਨੀਤਾ ਦਾ ਜਨਮ ਅਮਰੀਕਾ ਦੇ ਓਹਾਈਓ ਪ੍ਰਾਂਤ ਦੇ ਯੁਕਲਾਇਡ (ਕਲੀਵਲੈਂਡ) ’ਚ 19 ਸਤੰਬਰ 1965 ਨੂੰ ਹੋਇਆ। ਉਸ ਦੀ ਇੱਕ ਭੈਣ ਡਾਇਨਾ ਐੱਨ ਪਾਂਡਿਆ ਅਤੇ ਇੱਕ ਭਰਾ ਜੈ ਥਾਮਸ ਵੀ ਹਨ। ਬਚਪਨ ਤੋਂ ਹੀ ਸੁਨੀਤਾ ਦੀ ਦਿਲਚਸਪੀ ਵਿਗਿਆਨ ਅਤੇ ਖੇਡਾਂ ਵਿੱਚ ਸੀ। ਉਹ ਹਰ ਵੇਲੇ ਨਵੀਆਂ ਚੀਜ਼ਾਂ ਸਿੱਖਣ ਪ੍ਰਤੀ ਉਤਸ਼ਾਹ ਵਿਖਾਉਂਦੀ ਸੀ। ਉਸ ਨੇ ਹਾਈ ਸਕੂਲ ਦੀ ਸਿੱਖਿਆ ਹਾਸਲ ਕਰਨ ਤੋਂ ਬਾਅਦ 1983 ’ਚ ਨੀਧਮ ਹਾਈ ਸਕੂਲ ਤੋਂ ਗ੍ਰੈਜੂਏਸ਼ਨ, 1987 ’ਚ ਯੂਨਾਈਟਿਡ ਸਟੇਟਸ ਨੇਵਲ ਅਕਾਦਮੀ ਤੋਂ ਭੌਤਿਕ ਵਿਗਿਆਨ ’ਚ ਡਿਗਰੀ, 1995 ’ਚ ਫਲੋਰਿਡਾ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਮੈਨੇਜਮੈਂਟ ਮਾਸਟਰ ਡਿਗਰੀ ਹਾਸਲ ਕੀਤੀ। ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਸ ਨੇ ਅਮਰੀਕੀ ਨੌਸੈਨਾ ਵਿੱਚ ਪਾਇਲਟ ਚੁਣੇ ਜਾਣ ਤੋਂ ਬਾਅਦ ਵੱਖ-ਵੱਖ ਮਿਸ਼ਨਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ। 1998 ਵਿੱਚ ਉਸ ਨੂੰ ਨਾਸਾ ਵੱਲੋਂ ਪੁਲਾੜ ਯਾਤਰੀ ਦੇ ਤੌਰ ’ਤੇ ਚੁਣ ਲਿਆ ਗਿਆ। ਨਾਸਾ ਵੱਲੋਂ ਪੁਲਾੜ ਯਾਤਰੀ ਵਜੋਂ ਚੁਣੀ ਜਾਣ ਵਾਲੀ ਉਹ ਭਾਰਤੀ ਮੂਲ ਦੀ ਦੂਜੀ ਮਹਿਲਾ ਸੀ।
ਉਸ ਦਾ ਵਿਆਹ ਮਾਈਕਲ ਜੇ ਵਿਲੀਅਮ ਨਾਲ ਹੋਇਆ। 10 ਦਸੰਬਰ 2006 ਤੋਂ 22 ਜੂਨ 2007 ਤੱਕ ਉਸ ਨੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿੱਚ 195 ਦਿਨ ਦਾ ਸਮਾਂ ਗੁਜ਼ਾਰ ਕੇ ਪੁਲਾੜ ’ਚ ਸਭ ਤੋਂ ਵੱਧ ਸਮਾਂ ਗੁਜ਼ਾਰਨ ਵਾਲੀ ਪਹਿਲੀ ਮਹਿਲਾ ਦਾ ਰਿਕਾਰਡ ਬਣਾਇਆ। ਦੂਜੀ ਵਾਰ ਉਸ ਨੇ 15 ਜੁਲਾਈ 2012 ਤੋਂ 18 ਨਵੰਬਰ 2013 ਤੱਕ ਅੰਤਰਰਾਸ਼ਟਰੀ ਸਪੇਸ ਸਟੇਸ਼ਨ ’ਚ 127 ਦਿਨ ਗੁਜ਼ਾਰੇ। ਅੰਤਰਰਾਸ਼ਟਰੀ ਸਪੇਸ ਸਟੇਸ਼ਨ ’ਚ ਜਾਣ ਵਾਲੇ ਮਿਸ਼ਨ ਵਿੱਚ ਕਮਾਂਡਰ ਬਣਨ ਵਾਲੀ ਉਹ ਪਹਿਲੀ ਭਾਰਤੀ ਅਮਰੀਕੀ ਮਹਿਲਾ ਬਣ ਗਈ। ਉਹ ਬੁੱਚ ਵਿਲਮੋਰ ਨਾਲ 5 ਜੂਨ 2024 ਤੋਂ 18 ਮਾਰਚ 2025 ਤੱਕ ਬੋਇੰਗ ਸਟਾਰਲਾਈਨਰ ਯਾਨ ਦੀ ਜਾਂਚ ਲਈ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿੱਚ ਗਈ। ਇਹ ਮਿਸ਼ਨ ਯਾਤਰੀਆਂ ਨੂੰ ਲਿਜਾਣ ਤੇ ਲਿਆਉਣ ਦਾ ਕੇਵਲ ਅੱਠ ਦਿਨ ਦਾ ਮਿਸ਼ਨ ਸੀ।
ਸਟਾਰਲਾਈਨਰ ’ਚ ਪ੍ਰਪਲਸ਼ਨ ਸਬੰਧੀ ਸਮੱਸਿਆਵਾਂ ਆਉਣ ਕਾਰਨ ਉਨ੍ਹਾਂ ਨੂੰ ਪੁਲਾੜ ’ਚ 9 ਮਹੀਨੇ ਰੁਕਣਾ ਪਿਆ। ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਨੇ ਆਈਐੱਸਐੱਸ ’ਤੇ ਕਈ ਵਿਗਿਆਨਕ ਪ੍ਰਯੋਗ ਅਤੇ ਰੱਖ ਰਖਾਅ ਦੇ ਕਾਰਜ ਕੀਤੇ। ਉਨ੍ਹਾਂ ਦੀ ਵਾਪਸੀ ਲਈ ਸਪੇਸਐਕਸ ਦੇ ਡਰੈਗਨ ਯਾਨ ਦੀ ਵਰਤੋਂ ਕੀਤੀ ਗਈ। ਇਹ ਮਿਸ਼ਨ ਤਕਨੀਕੀ ਚੁਣੌਤੀਆਂ ਨਾਲ ਭਰਪੂਰ ਸੀ। ਸੁਨੀਤਾ ਵਿਲੀਅਮਜ਼ ਦਾ ਜੀਵਨ ਸਪੇਸ ਯਾਤਰਾਵਾਂ ਅਤੇ ਖੋਜ ਪ੍ਰਗਤੀ ਨਾਲ ਭਰਿਆ ਹੋਇਆ ਹੈ। ਉਸ ਨੇ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚ ਕੇ ਸਾਡੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਸੰਪਰਕ: 98726-27136