ਪੁਰਾਣੀ ਰੰਜਿਸ਼ ਕਾਰਨ ਪ੍ਰਾਪਰਟੀ ਕਾਰੋਬਾਰੀ ਨੂੰ ਗੋਲੀ ਮਾਰੀ
ਲੁਧਿਆਣਾ, 1 ਅਪਰੈਲ
ਆਪਣੇ ਦਫ਼ਤਰ ਤੋਂ ਦੋਸਤਾਂ ਨਾਲ ਰਾਤ ਨੂੰ ਖਾਣਾ ਖਾਣ ਲਈ ਘਰ ਜਾ ਰਹੇ ਇੱਕ ਪ੍ਰਾਪਰਟੀ ਕਾਰੋਬਾਰੀ ’ਤੇ ਕੁੱਝ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਪ੍ਰਾਪਰਟੀ ਕਾਰੋਬਾਰੀ ਨੂੰ ਢੋਲੇਵਾਲ ਵਿੱਚ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਨੇੜੇ ਕੁਝ ਨੌਜਵਾਨਾਂ ਨੇ ਕਿਸੇ ਰੰਜਿਸ਼ ਕਾਰਨ ਰੋਕਿਆ ਉਸ ਦੀ ਕਾਰ ’ਤੇ ਹਮਲਾ ਕਰ ਕੇ ਉਸਦੀ ਕਾਰ ਰੋਕ ਲਈ ਤੇ ਕੁੱਟਮਾਰ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜੋ ਉਸਦੀ ਲੱਤ ਵਿੱਚ ਲੱਗੀ। ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਪ੍ਰਾਪਰਟੀ ਕਾਰੋਬਾਰੀ ਜਸਵਿੰਦਰ ਸਿੰਘ ਨੂੰ ਉਸਦੇ ਦੋਸਤਾਂ ਨੇ ਪਹਿਲਾਂ ਨੇੜਲੇ ਹਸਪਤਾਲ ਦਾਖਲ ਕਰਵਾਇਆ, ਫਿਰ ਉਸਦੀ ਹਾਲਤ ਦੇਖਦਿਆਂ ਡੀਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਛੇ ਦੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪ੍ਰਾਪਰਟੀ ਕਾਰੋਬਾਰੀ ਜਸਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਰਾਤ ਦਾ ਖਾਣਾ ਖਾਣ ਲਈ ਦਫ਼ਤਰ ਤੋਂ ਘਰ ਜਾ ਰਿਹਾ ਸੀ। ਰਾਤ 10:45 ਵਜੇ ਦੇ ਕਰੀਬ ਢੋਲੇਵਾਲ ਗੁਰਦੁਆਰਾ ਫੇਰੂਮਾਨ ਸਾਹਿਬ ਦੇ ਬਾਹਰ ਇੱਕ ਕਾਰ ਵਿੱਚ 5 ਤੋਂ 6 ਮੁਲਜ਼ਮ ਆਏ ਜਿਨ੍ਹਾਂ ਨੇ ਜਸਵਿੰਦਰ ਸਿੰਘ ਦੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਉਸਦੀ ਕਾਰ ਨੂੰ ਘੇਰ ਲਿਆ ਅਤੇ ਉਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਜਸਵਿੰਦਰ ਸਿੰਘ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਹਮਲੇ ਦੌਰਾਨ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਜਸਵਿੰਦਰ ਸਿੰਘ ਦੀ ਲੱਤ ਵਿੱਚ ਲੱਗੀ ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ। ਸੜਕ ’ਤੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਰੌਲਾ ਪਾਇਆ ਤਾਂ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਪੁਲੀਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜਸਵਿੰਦਰ ਸਿੰਘ ਦੀ ਹਮਲਾਵਰਾਂ ਨਾਲ ਕੀ ਦੁਸ਼ਮਣੀ ਸੀ। ਇਸ ਤੋਂ ਪਹਿਲਾਂ ਵੀ ਕੁਝ ਲੋਕਾਂ ਨੇ ਜਸਵਿੰਦਰ ਸਿੰਘ ’ਤੇ ਗੋਲੀ ਚਲਾਈ ਸੀ, ਪਰ ਉਸ ਸਮੇਂ ਗੋਲੀ ਕਾਰ ਨੂੰ ਲੱਗ ਗਈ ਸੀ।
ਮਾਮਲੇ ਦੀ ਜਾਂਚ ਸ਼ੁਰੂ: ਐੱਸਐੱਚਓ
ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਛੇ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਡਿਵੀਜ਼ਨ ਛੇ ਦੀ ਐੱਸਐੱਚਓ ਇੰਸਪੈਕਟਰ ਕੁਲਵੰਤ ਕੌਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।