ਪੀਸੀਟੀਈ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਹਫ਼ਤਾ ਮਨਾਇਆ
ਲੁਧਿਆਣਾ, 16 ਮਾਰਚ
ਪੀਸੀਟੀਈ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀ ਹਫਤਾ ਪ੍ਰੋਗਰਾਮ ਵਿੱਚ ਵੱਖ-ਵੱਖ ਗਤੀਵਿਧੀਆਂ ਰਾਹੀਂ ਸੱਭਿਆਚਾਰ, ਖੇਡਾਂ ਅਤੇ ਪ੍ਰਤਿਭਾ ਪਰਖ ਮੁਕਾਬਲੇ ਕਰਵਾਏ ਗਏ। ਇਕ ਹਫ਼ਤਾ ਚੱਲੇ ਇਸ ਪ੍ਰੋਗਰਾਮ ਦੌਰਾਨ ਸੰਸਥਾ ਵਿੱਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਅੰਮ੍ਰਿਤਸਰ ਦੀ ਯਾਤਰਾ ਕਰਵਾਈ ਗਈ। ਇਸ ਦੌਰਾਨ ਪ੍ਰਸਿੱਧ ਮੰਦਿਰਾਂ ਅਤੇ ਵਾਹਗਾ ਸਰਹੱਦ ਦਾ ਦੌਰਾ ਕਰਵਾਇਆ ਗਿਆ। ਇਸੇ ਤਰ੍ਹਾਂ ਵਿਦਿਆਰਥੀਆਂ ਦੇ ਫੁਟਬਾਲ, ਬਾਸਕਟਬਾਲ , ਵਾਲੀਬਾਲ ਸਮੇਤ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚੋਂ ਸੁਡਾਨ ਦੇ ਵਿਦਿਆਰਥੀਆਂ ਨੇ ਬਾਸਕਟਬਾਲ ਲੜਕੇ ਅਤੇ ਫੁਟਬਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸ ਪ੍ਰੋਗਰਾਮ ਦੌਰਾਨ ਰਸੋਈ ਕਾਰਨੀਵਲ ਵਿੱਚ ਜ਼ਿੰਬਾਬੇ, ਤਨਜ਼ਾਨੀਆ, ਸਵਾਜ਼ੀਲੈਂਡ, ਬਰੂੰਡੀ, ਹਵਾਂਡਾ, ਗੈਬੀਆ, ਨਾਈਜੀਰੀਆ, ਦੱਖਣੀ ਸੁਡਾਨ, ਲਾਇਬੇਰੀਆ, ਮਲਾਵੀ, ਡੀਆਰਸੀ, ਦੱਖਣੀ ਅਫਰੀਕਾ, ਭੂਟਾਨ ਅਤੇ ਜੈਬੀਆ ਸਮੇਤ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੇ ਆਪਣਾ ਰਵਾਇਤੀ ਪਕਵਾਨਾਂ ਦਾ ਪ੍ਰਦਰਸ਼ਨ ਕੀਤਾ। ਗਲੋਬਲ ਵਿਲੇਜ਼ ਪ੍ਰੋਗਰਾਮ ਰਾਹੀਂ ਅੰਤਰ-ਰਾਸ਼ਟਰੀ ਸੱਭਿਆਚਾਰਾਂ ਅਤੇ ਪਰੰਪਰਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮਾਗਮ ਨੇ ਵਿਸ਼ਵ ਭਾਈਚਾਰੇ ਨਾਲ ਜੁੜਨ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਦੇ ਸਮਾਪਤੀ ਸਮਾਗਮ ਮੌਕੇ ਫੈਸ਼ਨ, ਸੰਗੀਤ ਅਤੇ ਡਾਂਸ ਸਾਰਿਆਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਸ਼ੋਅ ਵਿੱਚ ਵਿਦਿਆਰਥੀਆਂ ਨੇ ਰਵਾਇਤੀ ਅਤੇ ਸਮਕਾਲੀ ਪਹਿਰਾਵੇ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੇ ਅਖੀਰ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਜਨਰਲ ਡਾ. ਕੇਐਨਐਸ ਕੰਗ ਨੇ ਕਿਹਾ ਕਿ ਅਜਿਹੇ ਮੌਕੇ ਵਿਦਿਆਰਥੀਆਂ ਅੰਦਰ ਲੁਕੀ ਕਲਾ ਨੂੰ ਉਭਾਰਨ ਲਈ ਵਧੀਆ ਮੰਚ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ।