ਪੀਯੂ ਵਿਦਿਆਰਥੀ ਹੱਤਿਆ ਕਾਂਡ: ਡੀਐੱਸਡਬਲਿਊ ਦਫ਼ਤਰ ਚਲਾਉਣ ਲਈ ਨਵੀਂ ਕਮੇਟੀ ਕਾਇਮ
ਪੱਤਰ ਪ੍ਰੇਰਕ
ਚੰਡੀਗੜ੍ਹ, 11 ਅਪਰੈਲ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 28 ਮਾਰਚ ਦੀ ਰਾਤ ਨੂੰ ਹਰਿਆਣਵੀ ਗਾਇਕ ਦੇ ਲਾਈਵ ਸ਼ੋਅ ਦੌਰਾਨ ਆਦਿੱਤਿਆ ਠਾਕੁਰ ਦੇ ਹੋਏ ਕਤਲ ਕੇਸ ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਅੱਜ ਅਥਾਰਿਟੀ ਨੂੰ ਆਖ਼ਰ ਝੁਕਣਾ ਪੈ ਗਿਆ। ਵਾਈਸ ਚਾਂਸਲਰ ਪ੍ਰੋ. ਰੇਨੂ ਵਿਗ ਵੱਲੋਂ ਡੀਐੱਸਡਬਲਿਊ ਦਫ਼ਤਰ ਚਲਾਉਣ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਵਿੱਚ ਪ੍ਰੋ. ਨੰਦਿਤਾ ਸਿੰਘ, ਪ੍ਰੋ. ਇਮੈਨੁਅਲ ਨਾਹਰ, ਪ੍ਰੋ. ਅਨਿਲ ਮੋਂਗਾ, ਪ੍ਰੋ. ਵਾਈ.ਪੀ. ਵਰਮਾ ਅਤੇ ਪ੍ਰੋ. ਇਹ ਸੰਜੇ ਕੌਸ਼ਿਕ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਉਕਤ ਕਮੇਟੀ ਵੱਲੋਂ ਸਾਂਝੀ ਵਿਦਿਆਰਥੀ ਸੰਘਰਸ਼ ਕਮੇਟੀ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਾਮਿਲ ਵਿਦਿਆਰਥੀ ਆਗੂਆਂ ਅਰਚਿਤ ਗਰਗ, ਗੌਤਮ ਭੌਰੀਆ, ਸਕਸ਼ਮ, ਉਗਰ ਗੋਦਾਰਾ ਅਤੇ ਸ਼ੀਸ਼ਪਾਲ ਸਮੇਤ ਕੁੱਲ ਅੱਠ ਆਗੂਆਂ ਨੇ ਵੀ ਸਹਿਮਤੀ ਦਿੱਤੀ ਕਿ ਇਹ ਦਫ਼ਤਰ ਸਿਰਫ਼ ਇਨ੍ਹਾਂ ਅਧਿਕਾਰੀਆਂ ਦੀ ਕਮੇਟੀ ਵੱਲੋਂ ਹੀ ਚਲਾਇਆ ਜਾ ਸਕੇਗਾ ਅਤੇ ਜਾਂਚ ਹੋਣ ਤੱਕ ਪ੍ਰੋ. ਅਮਿਤ ਚੌਹਾਨ ਇਸ ਦਫ਼ਤਰ ਵਿੱਚ ਕੋਈ ਭੂਮਿਕਾ ਨਹੀਂ ਨਿਭਾ ਸਕਣਗੇ। ਦਫ਼ਤਰ ਖੋਲ੍ਹਣ ਦਾ ਇਹ ਫ਼ੈਸਲਾ ਵਿਦਿਆਰਥੀਆਂ ਦੇ ਕੰਮਾਂ-ਕਾਰਾਂ ਅਤੇ ਹੋਰ ਸਮੱਸਿਆਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਸਾਂਝੀ ਐਕਸ਼ਨ ਕਮੇਟੀ ਦੇ ਵਿਦਿਆਰਥੀ ਆਗੂਆਂ ਨੇ ਅੱਜ ਇਸ ਫ਼ੈਸਲੇ ਨੂੰ ਆਪਣੀ ਜਿੱਤ ਦਾ ਪੜਾਅ ਦੱਸਦਿਆਂ ਕਿਹਾ ਕਿ ਚੀਫ਼ ਸਕਿਉਰਿਟੀ ਅਫ਼ਸਰ ਸਮੇਤ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਧਰਨਾ ਜਾਰੀ ਰਹੇਗਾ।