‘ਪੀਪੀਐੱਫ ਖਾਤਿਆਂ ’ਚ ‘ਨੌਮਿਨੀ’ ਤਬਦੀਲੀ ਲਈ ਕੋਈ ਫੀਸ ਨਹੀਂ’
ਨਵੀਂ ਦਿੱਲੀ, 3 ਅਪਰੈਲ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐੱਫ) ਖਾਤਿਆਂ ਲਈ ‘ਨੌਮਿਨੀ’ ਬਣਾਉਣ ਜਾਂ ਉਸ ’ਚ ਕੋਈ ਤਬਦੀਲੀ ਕਰਨ ’ਤੇ ਕੋਈ ਫੀਸ ਨਹੀਂ ਲਈ ਜਾਵੇਗੀ ਕਿਉਂਕਿ ਸਰਕਾਰ ਨੇ ਨੋਟੀਫਿਕੇਸ਼ਨ ਰਾਹੀਂ ਜ਼ਰੂਰੀ ਤਬਦੀਲੀਆਂ ਕੀਤੀਆਂ ਹਨ। ਵਿੱਤ ਮੰਤਰੀ ਨੇ ਸੋਸ਼ਲ ਮੀਡੀਆ ਮੰਚ ਐੱਕਸ ’ਤੇ ਲਿਖਿਆ ਕਿ ਹਾਲ ਹੀ ਵਿੱਚ ਪੀਪੀਐੱਫ ਖਾਤਿਆਂ ’ਚ ਨੌਮਿਨੀ ਵਿਅਕਤੀ ਦੇ ਵੇਰਵੇ ਜੋੜਨ ਜਾਂ ਸੋਧ ਕਰਨ ਲਈ ਵਿੱਤੀ ਸੰਸਥਾਵਾਂ ਵੱਲੋਂ ਫੀਸ ਲੈਣ ਦੀ ਜਾਣਕਾਰੀ ਮਿਲੀ ਹੈ। ਨੌਮਿਨੀ ਕੋਲ ਮੂਲ ਖਾਤਾਧਾਰਕ ਦੀ ਰਾਸ਼ੀ ’ਤੇ ਕਾਨੂੰਨੀ ਅਧਿਕਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੀਪੀਐੱਫ ਖਾਤਿਆਂ ਲਈ ਨੌਮਿਨੀ ਨਾਲ ਜੁੜੀ ਜਾਣਕਾਰੀ ’ਚ ਤਬਦੀਲੀ ’ਤੇ ਕੋਈ ਵੀ ਫੀਸ ਹਟਾਉਣ ਲਈ ਦੋ ਅਪਰੈਲ 2025 ਦੇ ਗਜ਼ਟ ਨੋਟੀਫਿਕੇਸ਼ਨ ਰਾਹੀਂ ਜ਼ਰੂਰੀ ਤਬਦੀਲੀਆਂ ਕੀਤੀਆਂ ਗਈਆਂ ਹਨ। ਨੋਟੀਫਿਕੇਸ਼ਨ ’ਚ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਛੋਟੀਆਂ ਬੱਚਤਾਂ ਯੋਜਨਾਵਾਂ ਲਈ ਨਾਮਜ਼ਦਗੀ ਰੱਦ ਕਰਨ ਜਾਂ ਉਸ ’ਚ ਤਬਦੀਲੀ ਕਰਨ ਲਈ 50 ਰੁਪਏ ਦੀ ਫੀਸ ਖਤਮ ਕਰ ਦਿੱਤੀ ਗਈ ਹੈ। -ਪੀਟੀਆਈ