‘ਗੱਦਾਰ’ ਟਿੱਪਣੀ ਮਾਮਲਾ: ਐੈੱਫਆਈਆਰ ਖਿਲਾਫ਼ ਬੰਬੇ ਹਾਈ ਕੋਰਟ ਪੁੱਜਾ ਕੁਨਾਲ ਕਾਮਰਾ
ਮੁੰਬਈ, 7 ਅਪਰੈਲ
'Traitor' jibe case ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਨੇ ਬੰਬੇ ਹਾਈ ਕੋਰਟ ਦਾ ਰੁਖ਼ ਕਰਦਿਆਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖਿਲਾਫ਼ ਕਥਿਤ ‘ਗੱਦਾਰ’ ਟਿੱਪਣੀ ਲਈ ਸਿਟੀ ਪੁਲੀਸ ਵੱਲੋਂ ਦਰਜ ਐੈੱਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ।
ਕਾਮਰਾ ਨੇ ਹਾਈ ਕੋਰਟ ਵਿਚ 5 ਅਪਰੈਲ ਨੂੰ ਦਾਖ਼ਲ ਪਟੀਸ਼ਨ ਵਿਚ ਦਾਅਵਾ ਕੀਤਾ ਕਿ ਉਸ ਖਿਲਾਫ਼ ਦਾਇਰ ਸ਼ਿਕਾਇਤਾਂ ਉਸ ਦੇ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ, ਕਿਸੇ ਵੀ ਪੇਸ਼ੇ ਤੇ ਕਾਰੋਬਾਰ ਦੀ ਚੋਣ ਦੇ ਅਧਿਕਾਰ ਅਤੇ ਭਾਰਤ ਦੇ ਸੰਵਿਧਾਨ ਤਹਿਤ ਮਿਲੀ ਆਜ਼ਾਦੀ ਤੇ ਜਿਊਣ ਦੇ ਬੁਨਿਆਦੀ ਹੱਕ ਦੀ ਉਲੰਘਣਾ ਹੈ।
ਐਡਵੋਕੇਟ ਮਿਨਾਜ਼ ਕਾਕਾਲੀਆ ਰਾਹੀਂ ਦਾਇਰ ਪਟੀਸ਼ਨ ’ਤੇ ਜਸਟਿਸ ਸਾਰੰਗ ਕੋਤਵਾਲ ਦੀ ਅਗਵਾਈ ਵਾਲੇ ਬੈਂਚ ਵੱਲੋਂ 21 ਅਪਰੈਲ ਨੂੰ ਸੁਣਵਾਈ ਕੀਤੀ ਜਾ ਸਕਦੀ ਹੈ। ਮਦਰਾਸ ਹਾਈ ਕੋਰਟ ਨੇ ਕਾਮਰਾ ਨੂੰ ਉਸ ਖਿਲਾਫ਼ ਦਰਜ ਕੇਸ ਵਿਚ ਪਿਛਲੇ ਮਹੀਨੇ ਅੰਤਰਿਮ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ।
ਕਾਮਰਾ ਤਾਮਿਲ ਨਾਡੂ ਦਾ ਸਥਾਈ ਵਸਨੀਕ ਹੈ। ਮੁੰਬਈ ਪੁਲੀਸ ਕਾਮਰਾ ਨੂੰ ਹੁਣ ਤੱਕ ਤਿੰਨ ਸੰਮਨ ਜਾਰੀ ਕਰ ਚੁੱਕੀ ਹੈ, ਪਰ ਸਟੈਂਡ-ਅਪ ਕਾਮੇਡੀਅਨ ਇਕ ਵਾਰੀ ਵੀ ਪੇਸ਼ ਨਹੀਂ ਹੋਇਆ। -ਪੀਟੀਆਈ