Tahawwur Rana ਤਹੱਵੁਰ ਰਾਣਾ ਤੋਂ ਰੋਜ਼ਾਨਾ 8-10 ਘੰਟੇ ਪੁੱਛ-ਪੜਤਾਲ ਕਰ ਰਹੀ ਹੈ ਐੱਨਆਈਏ
ਨਵੀਂ ਦਿੱਲੀ, 14 ਅਪਰੈਲ
ਕੌਮੀ ਜਾਂਚ ਏਜੰਸੀ (NIA) 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ ਇਕ ਤਹੱਵੁਰ ਰਾਣਾ ਤੋਂ ਰੋਜ਼ਾਨਾ 8 ਤੋਂ 10 ਘੰਟੇ ਪੁੱਛ ਪੜਤਾਲ ਕਰ ਰਹੀ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਜਾਂਚ ਏਜੰਸੀ ਵੱਲੋਂ ਇਨ੍ਹਾਂ ਹਮਲਿਆਂ ਪਿਛਲੀ ਵਡੇਰੀ ਸਾਜ਼ਿਸ਼ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਐੱਨਆਈਏ ਅਧਿਕਾਰੀਆਂ ਵੱਲੋਂ ਰਾਣਾ ਦਾ ਮੈਡੀਕਲ ਚੈਕਅੱਪ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਦਿੱਲੀ ਕੋਰਟ ਦੇ ਹੁਕਮਾਂ ਮੁਤਾਬਕ ਉਸ ਨੂੰ ਆਪਣੇ ਵਕੀਲ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਵਿਸ਼ੇਸ਼ ਐੱਨਆਈਏ ਕੋਰਟ ਨੇ ਸ਼ੁੱਕਰਵਾਰ ਸਵੇਰੇ ਰਾਣਾ ਨੂੰ 18 ਦਿਨਾਂ ਲਈ ਐੱਨਆਈਏ ਦੀ ਹਿਰਾਸਤ ਵਿਚ ਭੇਜ ਦਿੱਤਾ ਸੀ।
ਸੂਤਰਾਂ ਨੇ ਕਿਹਾ ਕਿ ਐੱਨਆਈਏ ਤਫ਼ਤੀਸ਼ਕਾਰਾਂ ਵੱਲੋਂ ਰਾਣਾ ਕੋਲੋਂ ਰੋਜ਼ਾਨਾ ਅੱਠ ਤੋਂ ਦਸ ਘੰਟੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਾਕਿਸਤਾਨ ਅਧਾਰਿਤ ਦਹਿਸ਼ਤੀ ਸਮੂਹ ਲਸ਼ਕਰ-ਏ-ਤਇਬਾ ਵੱਲੋਂ ਵਿਉਂਤੇ 2008 ਦੇ ਇਸ ਦਹਿਸ਼ਤੀ ਹਮਲੇ ਪਿਛਲੀ ਵਡੇਰੀ ਸਾਜ਼ਿਸ਼ ਦਾ ਪਤਾ ਲਾਇਆ ਜਾ ਸਕੇ। ਇਨ੍ਹਾਂ ਹਮਲਿਆਂ ਵਿਚ 166 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ 238 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
ਸੂਤਰ ਨੇ ਕਿਹਾ, ‘‘ਰਾਣਾ ਵੱਲੋਂ ਸਵਾਲ ਜਵਾਬ ਮੌਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਮੁੱਖ ਤਫ਼ਤੀਸ਼ੀ ਅਧਿਕਾਰੀ ਜਯਾ ਰੌਏ ਦੀ ਅਗਵਾਈ ਵਾਲੀ ਐੱਨਆਈਏ ਅਧਿਕਾਰੀਆਂ ਦੀ ਟੀਮ ਰਾਣਾ ਕੋਲੋਂ ਪੁੱਛ ਪੜਤਾਲ ਕਰ ਰਹੀ ਹੈ।’’ ਸੂਤਰਾਂ ਨੇ ਕਿਹਾ ਕਿ ਰਾਣਾ ਨੇ ਹੁਣ ਤੱਕ ਸਿਰਫ਼ ਤਿੰਨ ਚੀਜ਼ਾਂ-ਪੈੱਨ, ਪੇਪਰ ਸ਼ੀਟ ਤੇ ਕੁਰਾਨ ਹੀ ਮੰਗੀ ਹੈ, ਜੋ ਉਸ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਰਾਣਾ ਨੇ ਹੁਣ ਤੱਕ ਕਿਸੇ ਤਰ੍ਹਾਂ ਦੇ ਖਾਸ ਭੋਜਨ ਦੀ ਮੰਗ ਨਹੀਂ ਕੀਤੀ ਤੇ ਉਸ ਨੂੰ ਕਿਸੇ ਵੀ ਹੋਰ ਮੁਲਜ਼ਮ ਨੂੰ ਦਿੱਤੀਆਂ ਜਾਣ ਵਾਲੀਆਂ ਖੁਰਾਕੀ ਵਸਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਨੇ ਕਿਹਾ ਕਿ ਤਹੱਵੁਰ ਰਾਣਾ ਨੂੰ ਅਤਿਵਾਦ ਵਿਰੋਧੀ ਏਜੰਸੀ ਦੇ ਸੀਜੀਓ ਕੰਪਲੈਕਸ ਵਿਚਲੀ ਉੱਚ ਸੁਰੱਖਿਆ ਵਾਲੀ ਕੋਠੜੀ ਵਿਚ ਰੱਖਿਆ ਗਿਆ ਹੈ, ਜਿੱਥੇ ਸੁਰੱਖਿਆ ਅਮਲੇ ਦਾ 24 ਘੰਟੇ ਪਹਿਰਾ ਰਹਿੰਦਾ ਹੈ। -ਪੀਟੀਆਈ