ਪਹਿਲਗਾਮ ਅਤਿਵਾਦੀ ਹਮਲਾ: ਕੇਂਦਰ ਸਰਕਾਰ ਨੇ ਅੱਜ ਸਰਬ ਪਾਰਟੀ ਬੈਠਕ ਸੱਦੀ
ਨਵੀਂ ਦਿੱਲੀ, 24 ਅਪਰੈਲ
ਕੇਂਦਰ ਸਰਕਾਰ ਅੱਜ ਇਕ ਸਰਬ ਪਾਰਟੀ ਬੈਠਕ ਵਿੱਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਪਹਿਲਗਾਮ ਅਤਿਵਾਦੀ ਹਮਲੇ ਸਬੰਧੀ ਜਾਣਕਾਰੀ ਦੇਵੇਗੀ ਅਤੇ ਉਨ੍ਹਾਂ ਦੇ ਵਿਚਾਰ ਸੁਣੇਗੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਭਵ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਗੂਆਂ ਨਾਲ ਜਾਣਕਾਰੀ ਸਾਂਝੀ ਕਰਨ। ਇਹ ਬੈਠਕ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਕੀਤੀ ਜਾਣੀ ਹੈ। ਇਸ ਮੀਟਿੰਗ ਵਿੱਚ ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਕਦਮ ਸਖ਼ਤ ਚੁੱਕਣ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਪਹਿਲਗਾਮ ਵਿੱਚ ਹੋਏ ਇਸ ਹਮਲੇ ਵਿੱਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਸ ਬੈਠਕ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਸੰਬੋਧਨ ਕਰ ਸਕਦੇ ਹਨ। ਗ਼ੌਰਤਲਬ ਹੈ ਕਿ ਕੌਮੀ ਸੁਰੱਖਿਆ ’ਤੇ ਗੰਭੀਰ ਪ੍ਰਭਾਵ ਪਾਉਣ ਵਾਲੀ ਕਿਸੇ ਵੀ ਘਟਨਾ ਤੋਂ ਬਾਅਦ ਸਰਵਦਲੀ ਬੈਠਕ ਬੁਲਾਉਣ ਦੀ ਪਰੰਪਰਾ ਰਹੀ ਹੈ, ਜਿਵੇਂ ਕਿ 2019 ਵਿਚ ਪੁਲਵਾਮਾ ਹਮਲੇ ਜਾਂ 2020 ਵਿੱਚ ਭਾਰਤ-ਚੀਨ ਟਕਰਾਅ ਦੌਰਾਨ ਹੋਇਆ ਸੀ। ਇਹ ਸੰਕਟ ਦੇ ਸਮੇਂ ਵਿਚ ਕੌਮੀ ਏਕਤਾ ਦੀ ਤਸਵੀਰ ਪੇਸ਼ ਕਰਦੀ ਹੈ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਰਕਾਰ ਕੋਲ ਆਪਣੇ ਵਿਚਾਰ ਪਹੁੰਚਾਉਣ ਅਤੇ ਸਰਕਾਰੀ ਰੁਖ਼ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਣ ਦਾ ਮੌਕਾ ਮਿਲਦਾ ਹੈ।
ਭਾਰਤ ਨੇ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਬੁੱਧਵਾਰ ਨੂੰ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਉਸ ਨਾਲ ਰਾਜਨੀਤਕ ਸੰਬੰਧ ਘਟਾਉਣ, 1960 ਦੀ ਸਿੰਧੂ ਪਾਣੀ ਸੰਧੀ ਨੂੰ ਰੋਕਣ ਅਤੇ ਅਟਾਰੀ ਚੌਕੀ ਨੂੰ ਬੰਦ ਕਰਨ ਵਰਗੇ ਕਈ ਫੈਸਲੇ ਕੀਤੇ ਹਨ। -ਪੀਟੀਆਈ