ਅਤਿਵਾਦ ਤੇ ਹਿੰਸਕ ਕੱਟੜਤਾ ਮਾਨਵਤਾ ਲਈ ਸਭ ਤੋਂ ਗੰਭੀਰ ਖ਼ਤਰਾ ਕਰਾਰ
ਨਵੀਂ ਦਿੱਲੀ, 23 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਅਤਿਵਾਦ ਅਤੇ ਹਿੰਸਕ ਕੱਟੜਵਾਦ ਮਨੁੱਖਤਾ ਲਈ ਸਭ ਤੋਂ ਗੰਭੀਰ ਖ਼ਤਰਾ ਬਣੇ ਹੋਏ ਹਨ ਅਤੇ ਕਿਸੇ ਅਤਿਵਾਦੀ ਕਾਰਵਾਈ ਨੂੰ ਕਿਸੇ ਵੀ ਆਧਾਰ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਜਾਣਕਾਰੀ ਅੱਜ ਜਾਰੀ ਸਾਂਝੇ ਬਿਆਨ ਵਿੱਚ ਦਿੱਤੀ ਗਈ ਹੈ।
ਬਿਆਨ ਅਨੁਸਾਰ, ਦੋਵਾਂ ਆਗੂਆਂ ਨੇ ਦੂਜੇ ਦੇਸ਼ਾਂ ਖ਼ਿਲਾਫ਼ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਮਿਜ਼ਾਈਲਾਂ ਅਤੇ ਡਰੋਨਾਂ ਸਮੇਤ ਹੋਰ ਹਥਿਆਰਾਂ ਤੱਕ ਪਹੁੰਚ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੱਤਾ। ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਅਤਿਵਾਦੀ ਹਮਲੇ ਮਗਰੋਂ ਮੋਦੀ ਨੇ ਸਾਊਦੀ ਅਰਬ ਦਾ ਆਪਣਾ ਦੋ ਦਿਨਾਂ ਦੌਰਾ ਵਿਚਾਲੇ ਛੱਡ ਦਿੱਤਾ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਸਰਹੱਦ ਪਾਰ ਅਤਿਵਾਦ ਦੀ ਨਿੰਦਾ ਕੀਤੀ ਅਤੇ ਸਾਰੇ ਦੇਸ਼ਾਂ ਨੂੰ ਦੂਜੇ ਦੇਸ਼ਾਂ ਖ਼ਿਲਾਫ਼ ਅਤਿਵਾਦ ਦੀ ਵਰਤੋਂ ਨੂੰ ਰੱਦ ਕਰਨ, ਅਤਿਵਾਦੀ ਢਾਂਚੇ ਨੂੰ ਤਬਾਹ ਕਰਨ ਅਤੇ ਅਤਿਵਾਦੀ ਕਾਰਵਾਈਆਂ ਦੇ ਦੋਸ਼ੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦਾ ਸੱਦਾ ਦਿੱਤਾ। ਬਿਆਨ ਅਨੁਸਾਰ, ‘‘ਦੋਵਾਂ ਧਿਰਾਂ ਨੇ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਭਿਆਨਕ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ, ਜਿਸ ਦੇ ਨਤੀਜੇ ਵਜੋਂ ਆਮ ਨਾਗਰਿਕਾਂ ਦੀਆਂ ਜਾਨਾਂ ਚਲੀਆਂ ਗਈਆਂ। ਹਮਲੇ ਦੇ ਮੱਦੇਨਜ਼ਰ ਦੋਵਾਂ ਧਿਰਾਂ ਨੇ ਹਰ ਤਰ੍ਹਾਂ ਦੇ ਅਤਿਵਾਦ ਅਤੇ ਹਿੰਸਕ ਕੱਟੜਵਾਦ ਦੀ ਨਿੰਦਾ ਕੀਤੀ ਅਤੇ ਜ਼ੋਰ ਦਿੱਤਾ ਕਿ ਇਹ ਮਨੁੱਖਤਾ ਲਈ ਸਭ ਤੋਂ ਗੰਭੀਰ ਖਤਰਿਆਂ ਵਿੱਚੋਂ ਇੱਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਤਿਵਾਦੀ ਕਾਰਵਾਈ ਨੂੰ ਕਿਸੇ ਵੀ ਆਧਾਰ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।’’ -ਪੀਟੀਆਈ
ਭਾਰਤ ਤੇ ਸਾਊਦੀ ਅਰਬ ਤੇਲ ਬਾਜ਼ਾਰਾਂ ਵਿੱਚ ਸਥਿਰਤਾ ਵਧਾਉਣ ਲਈ ਸਹਿਮਤ
ਨਵੀਂ ਦਿੱਲੀ: ਭਾਰਤ ਨੇ ਆਲਮੀ ਤੇਲ ਬਾਜ਼ਾਰਾਂ ਵਿੱਚ ਸਥਿਰਤਾ ਵਧਾਉਣ ਅਤੇ ਆਲਮੀ ਊਰਜਾ ਬਾਜ਼ਾਰ ਨੂੰ ਸੰਤੁਲਿਤ ਕਰਨ ਲਈ ਸਾਊਦੀ ਅਰਬ ਨਾਲ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਦੋਵਾਂ ਦੇਸ਼ਾਂ ਨੇ ਸਾਂਝੇ ਬਿਆਨ ਵਿੱਚ ਕਿਹਾ, ‘‘ਭਾਰਤੀ ਪੱਖ ਨੇ ਆਲਮੀ ਤੇਲ ਬਾਜ਼ਾਰਾਂ ਦੀ ਸਥਿਰਤਾ ਵਧਾਉਣ ਅਤੇ ਆਲਮੀ ਊਰਜਾ ਬਾਜ਼ਾਰ ਦੀਆਂ ਸਥਿਤੀਆਂ ਨੂੰ ਸੰਤੁਲਨ ਕਰਨ ਲਈ ਸਾਊਦੀ ਅਰਬ ਨਾਲ ਕੰਮ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਆਲਮੀ ਬਾਜ਼ਾਰਾਂ ਵਿੱਚ ਹਰ ਤਰ੍ਹਾਂ ਦੇ ਊਰਜਾ ਸਰੋਤਾਂ ਦੀ ਸਪਲਾਈ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਹ ਕੱਚੇ ਤੇਲ ਅਤੇ ਇਸ ਦੇ ਉਤਪਾਦਾਂ ਦੀ ਸਪਲਾਈ ਸਮੇਤ ਊਰਜਾ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਹਿਯੋਗ ਵਧਾਉਣ ਦੀ ਮਹੱਤਤਾ ’ਤੇ ਵੀ ਸਹਿਮਤ ਹੋਏ।’’ -ਪੀਟੀਆਈ