ਮੁੰਬਈ ਹਮਲਾ: ਪਰਿਵਾਰ ਨੂੰ ਅਹਿਮ ਜਾਣਕਾਰੀ ਦੇ ਸਕਦਾ ਹੈ ਰਾਣਾ: ਐੱਨਆਈਏ
ਨਵੀਂ ਦਿੱਲੀ, 23 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਿਹਾ ਕਿ ਜੇਲ੍ਹ ਵਿਚ ਬੰਦ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ (64) ਨੂੰ ਜੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਹ ਅਹਿਮ ਜਾਣਕਾਰੀ ਸਾਂਝੀ ਕਰ ਸਕਦਾ ਹੈ।
ਸੰਘੀ ਏਜੰਸੀ ਨੇ ਵਿਸ਼ੇਸ਼ ਐੱਨਆਈਏ ਅਦਾਲਤ ਸਾਹਮਣੇ ਰਾਣਾ ਦੀ ਉਸ ਪਟੀਸ਼ਨ ਦਾ ਵਿਰੋਧ ਕੀਤਾ ਜਿਸ ਵਿੱਚ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ ਸੀ। ਪਰਿਵਾਰਕ ਮੈਂਬਰਾਂ ਨੇ ਰਾਣਾ ਦੀ ਸਿਹਤ ਬਾਰੇ ਚਿੰਤਾ ਜਤਾਈ ਸੀ। ਐੱਨਆਈਏ ਨੇ ਕਿਹਾ ਕਿ ਇਹ ਮਾਮਲਾ ਅਹਿਮ ਪੜਾਅ ’ਤੇ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਭਲਕੇ ਵੀਰਵਾਰ ਤੱਕ ਲਈ ਸੁਰੱਖਿਅਤ ਰੱਖ ਲਿਆ। ਰਾਣਾ ਵੱਲੋਂ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਦਿੱਤੀ ਅਰਜ਼ੀ ਵਿੱਚ ਦਾਅਵਾ ਕੀਤਾ ਸੀ ਕਿ ਪਰਿਵਾਰ ਨਾਲ ਗੱਲਬਾਤ ਕਰਨਾ ਉਸ ਦਾ ਮੌਲਿਕ ਅਧਿਕਾਰ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਨੂੰ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ 10 ਅਪਰੈਲ ਨੂੰ 18 ਦਿਨਾਂ ਦੀ ਐੱਨਆਈਏ ਹਿਰਾਸਤ ਵਿੱਚ ਭੇਜ ਦਿੱਤਾ ਸੀ। ਐੱਨਆਈਏ ਨੇ ਦੋਸ਼ ਲਗਾਇਆ ਹੈ ਕਿ 26/11 ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਡੇਵਿਡ ਕੋਲਮੈਨ ਹੈਡਲੀ ਨੇ ਭਾਰਤ ਆਉਣ ਤੋਂ ਪਹਿਲਾਂ ਰਾਣਾ ਨਾਲ ਪੂਰੀ ਸਾਜ਼ਿਸ਼ ਬਾਰੇ ਚਰਚਾ ਕੀਤੀ ਸੀ।
ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ, ਜੋ ਅਮਰੀਕੀ ਨਾਗਰਿਕ ਹੈ, ਦੇ ਨਜ਼ਦੀਕੀ ਸਾਥੀ ਰਾਣਾ ਨੂੰ 4 ਅਪਰੈਲ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਉਸ ਦੀ ਹਵਾਲਗੀ ਵਿਰੁੱਧ ਸਮੀਖਿਆ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਭਾਰਤ ਲਿਆਂਦਾ ਗਿਆ ਹੈ। ਦਸ ਪਾਕਿਸਤਾਨੀ ਅਤਿਵਾਦੀਆਂ ਦੇ ਸਮੂਹ ਨੇ 26 ਨਵੰਬਰ 2008 ਨੂੰ ਅਰਬ ਸਾਗਰ ਵਿੱਚ ਸਮੁੰਦਰੀ ਰਸਤੇ ਦੀ ਵਰਤੋਂ ਕਰਦੇ ਹੋਏ ਭਾਰਤ ਦੀ ਵਿੱਤੀ ਰਾਜਧਾਨੀ ਵਿੱਚ ਘੁਸਪੈਠ ਕਰਨ ਤੋਂ ਬਾਅਦ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲਾਂ ਅਤੇ ਯਹੂਦੀ ਕੇਂਦਰ ’ਤੇ ਹਮਲਾ ਕੀਤਾ ਸੀ। -ਪੀਟੀਆਈ