Cash row: ਜਸਟਿਸ ਵਰਮਾ ਖ਼ਿਲਾਫ਼ ਦੋਸ਼ਾਂ ਬਾਰੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਪੈਨਲ ਨੇ ਰਿਪੋਰਟ CJI ਨੂੰ ਸੌਂਪੀ
ਨਵੀਂ ਦਿੱਲੀ, 5 ਮਈ
Cash row: ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ ਤੋਂ ਨਕਦੀ ਮਿਲਣ ਦੇ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਤਿੰਨ ਜੱਜਾਂ ਦੇ ਪੈਨਲ ਨੇ ਆਪਣੀ ਜਾਂਚ ਰਿਪੋਰਟ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ (CJI ) ਨੂੰ ਸੌਂਪ ਦਿੱਤੀ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਜਸਟਿਸ ਸ਼ੀਲ ਨਾਗੂ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਜਸਟਿਸ ਜੀਐਸ ਸੰਧਾਵਾਲੀਆ ਅਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਅਨੂ ਸ਼ਿਵਰਾਮਨ 'ਤੇ ਆਧਾਰਿਤ ਤਿੰਨ ਮੈਂਬਰੀ ਪੈਨਲ ਨੇ 3 ਮਈ ਨੂੰ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਸੀ।
ਰਿਪੋਰਟ 4 ਮਈ ਨੂੰ ਸੀਜੇਆਈ ਨੂੰ ਸੌਂਪ ਦਿੱਤੀ ਗਈ ਸੀ ਅਤੇ ਹੁਣ ਜੇ ਇਸ ਸਬੰਧੀ ਕੋਈ ਕਾਰਵਾਈ ਕੀਤੀ ਜਾਣੀ ਬਣਦੀ ਹੋਈ ਤਾਂ ਉਹ ਕੀਤੀ ਜਾਵੇਗੀ। ਰਿਪੋਰਟ ਵਿੱਚ ਜਸਟਿਸ ਵਰਮਾ ਦੀ ਲੁਟੀਅਨਜ਼ ਦਿੱਲੀ ਸਥਿਤ ਰਿਹਾਇਸ਼ 'ਤੇ 14 ਮਾਰਚ ਨੂੰ ਰਾਤ 11.35 ਵਜੇ ਅੱਗ ਲੱਗਣ ਤੋਂ ਬਾਅਦ ਕਥਿਤ ਤੌਰ ’ਤੇ ਨਕਦੀ ਮਿਲਣ ਦੇ ਵਿਵਾਦ ਸਬੰਧੀ ਪੈਨਲ ਦੇ ਨਤੀਜੇ ਸ਼ਾਮਲ ਹਨ।
ਦੱਸਣਯੋਗ ਹੈ ਕਿ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਲਈ ਕਿਹਾ ਗਿਆ ਸੀ। ਬਾਅਦ ਵਿਚ ਨਕਦੀ ਮਿਲਣ ਸਬੰਧੀ ਇੱਕ ਮੀਡੀਆ ਰਿਪੋਰਟ ਕਾਰਨ ਇਸ ਬਾਰੇ ਵਿਵਾਦ ਖੜ੍ਹਾ ਹੋ ਗਿਆ ਸੀ।
ਇਸ ਦੇ ਨਤੀਜੇ ਵਜੋਂ ਕਈ ਕਦਮ ਚੁੱਕੇ ਗਏ ਸਨ, ਜਿਸ ਵਿੱਚ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਡੀਕੇ ਉਪਾਧਿਆਏ ਵੱਲੋਂ ਮੁੱਢਲੀ ਜਾਂਚ ਅਤੇ ਦਿੱਲੀ ਹਾਈ ਕੋਰਟ ਵਿੱਚ ਜਸਟਿਸ ਵਰਮਾ ਤੋਂ ਨਿਆਂਇਕ ਕੰਮ ਵਾਪਸ ਲੈਣਾ ਅਤੇ ਬਾਅਦ ਵਿੱਚ ਉਨ੍ਹਾਂ ਦਾ ਅਲਾਹਾਬਾਦ ਹਾਈ ਕੋਰਟ ਵਿੱਚ ਨਿਆਂਇਕ ਕੰਮ ਤੋਂ ਬਿਨਾਂ ਤਬਾਦਲਾ ਸ਼ਾਮਲ ਸੀ।
ਇਸ ਸਬੰਧੀ ਸੁਪਰੀਮ ਕੋਰਟ ਨੇ ਇੱਕ ਬਿਆਨ ਵਿੱਚ ਕਿਹਾ, "ਜਸਟਿਸ ਯਸ਼ਵੰਤ ਵਰਮਾ, ਜੋ ਕਿ ਇੱਕ ਮੌਜੂਦਾ ਜੱਜ ਹਨ, ਵਿਰੁੱਧ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ 3 ਮਈ ਨੂੰ ਤਿਆਰ ਕੀਤੀ ਆਪਣੀ ਰਿਪੋਰਟ 4 ਮਈ ਨੂੰ ਭਾਰਤ ਦੇ ਚੀਫ਼ ਜਸਟਿਸ ਨੂੰ ਸੌਂਪ ਦਿੱਤੀ ਹੈ।" -ਪੀਟੀਆਈ