ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਫੇਰੀ ਲਈ ਪੁਰਤਗਾਲ ਪੁੱਜੇ
ਲਿਸਬਨ, 7 ਅਪਰੈਲ
President Murmu arrives in Portugal on first leg of two-nation visit ਰਾਸ਼ਟਰਪਤੀ ਦਰੋਪਦੀ ਮੁਰਮੂ ਪੁਰਤਗਾਲ ਤੇ ਸਲੋਵਾਕੀਆ ਗਣਰਾਜ ਦੀ ਆਪਣੀ ਚਾਰ ਰੋਜ਼ਾ ਸਰਕਾਰੀ ਫੇਰੀ ਦੇ ਪਹਿਲੇ ਪੜਾਅ ਤਹਿਤ ਐਤਵਾਰ ਨੂੰ ਲਿਸਬਨ ਪਹੁੰਚ ਗਏ ਹਨ। ਪਿਛਲੇ ਕਰੀਬ ਤਿੰਨ ਦਹਾਕਿਆਂ ਵਿਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਹ ਅਜਿਹੀ ਪਹਿਲੀ ਫੇਰੀ ਹੈ। ਫੀਗੋ ਮਦੁਰਾਓ ਦੇ ਫੌਜੀ ਏਅਰਬੇਸ ਉੱਤੇ ਪੁੱਜੀ ਰਾਸ਼ਟਰਪਤੀ ਮੁਰਮੂ ਦਾ ਪੁੁਰਤਗਾਲ ਵਿਚ ਭਾਰਤ ਦੇ ਰਾਜਦੂਤ ਪੁਨੀਤ ਆਰ ਕੁੰਡਲ ਤੇ ਭਾਰਤ ਵਿਚ ਪੁਰਤਗਾਲੀ ਰਾਜਦੂਤ ਜੋਆਓ ਰਿਬੇਰੋ ਡੀ ਅਲਮੈਦਾ ਨੇ ਸਵਾਗਤ ਕੀਤਾ।
ਰਾਸ਼ਟਰਪਤੀ ਮੁਰਮੂ ਅਜਿਹੇ ਮੌਕੇ ਪੁਰਤਗਾਲ ਦੇ ਦੌਰੇ ’ਤੇ ਆਏ ਹਨ ਜਦੋਂ ਅਹਿਮ ਵਿਸ਼ਵਵਿਆਪੀ ਆਰਥਿਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਤੇ ਅਮਰੀਕਾ ਵੱਲੋਂ ਲਗਾਏ ਗਏ ਵਪਾਰਕ ਟੈਕਸਾਂ ਨੇ ਕੌਮਾਂਤਰੀ ਵਣਜ ਨੂੰ ਮੁੜ ਆਕਾਰ ਦਿੱਤਾ ਹੈ ਤੇ ਭਾਰਤ ਨੇ ਯੂਰਪੀ ਮੁਲਕਾਂ ਨਾਲ ਨੇੜਤਾ ਵਧਾਈ ਹੈ। ਇਸ ਸਾਲ ਫਰਵਰੀ ਵਿੱਚ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਕਮਿਸ਼ਨਰਾਂ ਦੇ ਕਾਲਜ ਨੇ ਭਾਰਤ ਦਾ ਦੌਰਾ ਕੀਤਾ ਸੀ। ਭਾਰਤ ਨੇ ਇਸ ਸਾਲ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਜਤਾਈ ਹੈ।
ਪੁਰਤਗਾਲ ਦੀ ਦੋ ਰੋਜ਼ਾ ‘ਮੀਲਪੱਥਰ’ ਯਾਤਰਾ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਨਾਲ ਮੇਲ ਖਾਂਦੀ ਹੈ। ਰਾਸ਼ਟਰਪਤੀ ਮੁਰਮੂ ਨੂੰ ਸੋਮਵਾਰ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਜਾਵੇਗਾ। ਉਪਰੰਤ ਰਾਸ਼ਟਰਪਤੀ ਮੁਰਮੂ ਆਪਣੇ ਪੁਰਤਗਾਲੀ ਹਮਰੁਤਬਾ ਮਾਰਸੇਲੋ ਰੇਬੇਲੋ ਡੀ ਸੂਸਾ, ਪ੍ਰਧਾਨ ਮੰਤਰੀ ਲੁਇਸ ਮੌਂਟੇਨੇਗਰੋ ਅਤੇ ਅਸੈਂਬਲੀ ਦੇ ਸਪੀਕਰ ਡਾ. ਜੋਸ ਪੈਡਰੋ ਅਗੁਆਰ-ਬ੍ਰਾਂਕੋ ਸਮੇਤ ਸਿਖਰਲੀ ਪੁਰਤਗਾਲੀ ਲੀਡਰਸ਼ਿਪ ਨਾਲ ਬੈਠਕਾਂ ਕਰਨਗੇ।
ਲਿਸਬਨ ਦੇ ਮੇਅਰ ਕਾਰਲੋਸ ਮੈਨੁਅਲ ਫੇਲਿਕਸ ਮੋਏਦਾਸ ਰਾਸ਼ਟਰਪਤੀ ਮੁਰਮੂ ਲਈ ਵਿਸ਼ੇਸ਼ ਸਮਾਗਮ ਦੀ ਮੇਜ਼ਬਾਨੀ ਵੀ ਕਰਨਗੇ। ਉਹ ਰਾਸ਼ਟਰਪਤੀ ਰੇਬੇਲੋ ਡੀ ਸੂਜ਼ਾ ਵੱਲੋਂ ਦਿੱਤੀ ਜਾਣ ਵਾਲੀ ਦਾਅਵਤ ਵਿੱਚ ਵੀ ਸ਼ਿਰਕਤ ਕਰਨਗੇ। ਰਾਸ਼ਟਰਪਤੀ ਮੁਰਮੂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਮਿਲਣਗੇ।
ਕਾਬਿਲੇਗੌਰ ਹੈ ਕਿ ਪੁਰਤਗਾਲ ਵਿਚ ਸਵਾ ਲੱਖ ਦੇ ਕਰੀਬ ਭਾਰਤੀ ਭਾਈਚਾਰੇ ਦੇ ਮੈਂਬਰ ਰਹਿੰਦੇ ਹਨ। ਇਨ੍ਹਾਂ ਵਿਚੋਂ 35000 ਤੋਂ ਵੱਧ ਭਾਰਤੀ ਨਾਗਰਿਕ ਤੇ 90,000 ਭਾਰਤੀ ਮੂਲ ਦੇ ਲੋਕ ਹਨ। ਭਾਰਤੀ ਭਾਈਚਾਰਾ ਲਿਸਬਨ, ਅਲਗਾਰਵੇ ਤੇ ਪੋਰਟੋ ਵਿਚ ਫੈਲਿਆ ਹੋਇਆ ਤੇ ਪੁਰਤਗਾਲ ਦੇ ਸਮਾਜਿਕ ਤੇ ਆਰਥਿਕ ਤਾਣੇ ਬਾਣੇ ਦਾ ਅਨਿੱਖੜਵਾਂ ਅੰਗ ਹੈ। -ਪੀਟੀਆਈ