ਬੰਬਾਂ ਬਾਰੇ ਬਿਆਨ: ਮੁਹਾਲੀ ਥਾਣੇ ਵਿਚ ਦਰਜ ਕੇਸ ਖਿਲਾਫ਼ ਹਾਈ ਕੋਰਟ ਪੁੱਜੇ ਪ੍ਰਤਾਪ ਬਾਜਵਾ
ਚੰਡੀਗੜ੍ਹ, 15 ਅਪਰੈਲ
'50 bombs' ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ‘ਪੰਜਾਬ ਵਿਚ 50 ਬੰਬ ਪੁੱਜਣ’ ਨਾਲ ਸਬੰਧਤ ਬਿਆਨ ਲਈ ਆਪਣੇ ਖਿਲਾਫ਼ ਦਰਜ ਐੱਫਅਆਈਆਰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਏ ਹਨ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਾਜਵਾ ’ਤੇ ਲੱਗੇ ਦੋਸ਼ਾਂ ਵਿਚ ਦੇਸ਼ ਦੀ ਪ੍ਰਭੂਸੱਤਾ ਅਤੇ ਏਕਤਾ ਨੂੰ ਖਤਰੇ ਵਿੱਚ ਪਾਉਣ ਲਈ ਗੁੰਮਰਾਹਕੁਨ ਜਾਣਕਾਰੀ ਵੀ ਸ਼ਾਮਲ ਹੈ। ਬਾਜਵਾ ਦੇ ਵਕੀਲ ਏਪੀਐਸ ਦਿਓਲ ਨੇ ਕਿਹਾ ਕਿ ਐਫਆਈਆਰ ਰੱਦ ਕਰਨ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਨੂੰ ਬੁੱਧਵਾਰ ਲਈ ਸੂਚੀਬੱਧ ਕੀਤਾ ਗਿਆ ਹੈ। ਦਿਓਲ ਨੇ ਕਿਹਾ ਕਿ ਬਾਜਵਾ ਵਿਰੁੱਧ ਦੋਸ਼ ਬੇਬੁਨਿਆਦ ਹਨ।
ਬਾਜਵਾ ਖਿਲਾਫ਼ ਭਾਰਤੀ ਨਿਆ ਸੰਹਿਤਾ ਦੀ ਧਾਰਾ 197(1)(d) (ਝੂਠੀ ਅਤੇ ਗੁੰਮਰਾਹਕੁਨ ਜਾਣਕਾਰੀ, ਜੋ ਦੇਸ਼ ਦੀ ਪ੍ਰਭੂਸੱਤਾ ਅਤੇ ਏਕਤਾ ਨੂੰ ਖਤਰੇ ਵਿੱਚ ਪਾਉਂਦੀ ਹੈ) ਅਤੇ 353(2) (ਝੂਠੇ ਬਿਆਨ ਦੁਸ਼ਮਣੀ ਅਤੇ ਨਫ਼ਰਤ ਜਾਂ ਮਾੜੀ ਇੱਛਾ ਪੈਦਾ ਕਰਨ ਦਾ ਇਰਾਦਾ ਰੱਖਦੇ ਹਨ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਮੁਹਾਲੀ ਦੇ ਸਾਈਬਰ ਅਪਰਾਧ ਪੁਲੀਸ ਥਾਣੇ ਵਿਚ ਦਰਜ ਕੀਤਾ ਗਿਆ ਸੀ।
ਕਾਬਿਲੇਗੌਰ ਹੈ ਕਿ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਬਾਜਵਾ ਨੇ ਦਾਅਵਾ ਕੀਤਾ ਸੀ ‘ਮੈਨੂੰ ਪਤਾ ਲੱਗਾ ਹੈ ਕਿ 50 ਬੰਬ ਪੰਜਾਬ ਪਹੁੰਚ ਗਏ ਹਨ। ਇਸ ਵਿੱਚੋਂ 18 ਫਟ ਚੁੱਕੇ ਹਨ, 32 ਅਜੇ ਫਟਣੇ ਬਾਕੀ ਹਨ।’’ ਪੰਜਾਬ ਪੁਲੀਸ ਦੀ ਇੱਕ ਟੀਮ ਨੇ ਐਤਵਾਰ ਨੂੰ ਬਾਜਵਾ ਦੇ ਘਰ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਬਿਆਨ ਦੇ ਸਰੋਤ ਬਾਰੇ ਪੁੱਛ ਪੜਤਾਲ ਕੀਤੀ ਸੀ। ਬਾਜਵਾ ਅੱਜ (ਮੰਗਲਵਾਰ) ਮੁਹਾਲੀ ਥਾਣੇ ਵਿਚ ਪੇਸ਼ ਹੋਣਗੇ।
ਬਾਜਵਾ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਦੁਪਹਿਰ 2 ਵਜੇ ਆਪਣਾ ਬਿਆਨ ਦੇਣ ਲਈ ਸਾਈਬਰ ਸੈੱਲ ਜਾਣਗੇ। ਕਾਂਗਰਸੀ ਨੇਤਾ ਨੂੰ ਜਾਰੀ ਕੀਤੇ ਗਏ ਸੰਮਨ ਵਿੱਚ, ਪੁਲੀਸ ਨੇ ਬਾਜਵਾ ਨੂੰ ਸੋਮਵਾਰ ਦੁਪਹਿਰ ਨੂੰ ਮੁਹਾਲੀ ਦੇ ਪੁਲੀਸ ਸੁਪਰਡੈਂਟ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਬਾਜਵਾ ਨੇ ਹਾਲਾਂਕਿ ਸੋਮਵਾਰ ਨੂੰ ਪੇਸ਼ ਹੋਣ ਤੋਂ ਅਸਮਰੱਥਾ ਜ਼ਾਹਰ ਕਰਦਿਆਂ ਇਕ ਦਿਨ ਦੀ ਮੋਹਲਤ ਮੰਗੀ ਸੀ। ਕਾਂਗਰਸ ਪਾਰਟੀ ਦੇ ਕਈ ਨੇਤਾਵਾਂ ਨੇ ਬਾਜਵਾ ਦਾ ਸਮਰਥਨ ਕਰਦਿਆਂ ਕੇਸ ਨੂੰ ‘ਸਿਆਸੀ ਬਦਲਾਖੋਰੀ’ ਦੱਸਿਆ ਹੈ। ਬਾਜਵਾ ਖਿਲਾਫ਼ ਐਫਆਈਆਰ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਅੱਜ ਚੰਡੀਗੜ੍ਹ ਵਿਚ ਰੋਸ ਮੁਜ਼ਾਹਰੇ ਦਾ ਪ੍ਰੋਗਰਾਮ ਵੀ ਵਿਉਂਤਿਆ ਹੈ। -ਪੀਟੀਆਈ