Elon Musk: ਐਲੋਨ ਮਸਕ ਸਾਲ ਦੇ ਅਖ਼ੀਰ ਤੱਕ ਭਾਰਤ ਆਉਣ ਦੇ ਚਾਹਵਾਨ
ਟੈਸਲਾ ਦੇ ਮਾਲਕ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਨੂੰ ਖ਼ੁਦ ਲਈ ਸਨਮਾਨ ਦੀ ਗੱਲ ਦਿੱਤਾ ਕਰਾਰ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 19 ਅਪਰੈਲ
ਟੈਸਲਾ ਦੇ ਮਾਲਕ ਐਲੋਨ ਮਸਕ (Tesla owner Elon Musk), ਜੋ ਕਿ ਅਮਰੀਕੀ ਪ੍ਰਸ਼ਾਸਨ ਵਿੱਚ ਮਜ਼ਬੂਤ ਪ੍ਰਭਾਵ ਵਾਲੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣਗੇ।
ਉਨ੍ਹਾਂ ਆਪਣੀ ਮਲਕੀਅਤ ਵਾਲੀ ਮਾਈਕ੍ਰੋ-ਬਲੌਗਿੰਗ ਸਾਈਟ ‘ਐਕਸ’ (micro-blogging site X) 'ਤੇ ਪਾਈ ਇਕ ਪੋਸਟ ਵਿਚ ਕਿਹਾ, "ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕਰਨਾ ਸਨਮਾਨ ਦੀ ਗੱਲ ਸੀ। ਮੈਂ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣ ਦੀ ਉਮੀਦ ਕਰ ਰਿਹਾ ਹਾਂ!"
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸਕ ਨਾਲ ਗੱਲ ਕੀਤੀ ਜਦੋਂ ਉਨ੍ਹਾਂ ਨੇ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਲਈ "ਅਥਾਹ ਸੰਭਾਵਨਾ" 'ਤੇ ਚਰਚਾ ਕੀਤੀ।
ਐਕਸ 'ਤੇ ਕੀਤੀ ਇੱਕ ਪੋਸਟ ਵਿੱਚ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਮਸਕ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲ ਕੀਤੀ, ਜਿਸ ਵਿੱਚ ਉਹ ਵਿਸ਼ੇ ਵੀ ਸ਼ਾਮਲ ਸਨ ਜੋ ਇਸ ਸਾਲ ਫਰਵਰੀ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਹੋਈ ਮੁਲਾਕਾਤ ਸਮੇਂ ਵਿਚਾਰੇ ਗਏ ਸਨ।