Punjab News: ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੀ ਟਾਊਨਸ਼ਿਪ ’ਚ ਸੀਵਰੇਜ ਦੀ ਗੈਸ ਚੜ੍ਹਨ ਕਾਰਨ ਤਿੰਨ ਸਫ਼ਾਈ ਮਜ਼ਦੂਰਾਂ ਦੀ ਮੌਤ
ਹੁਸ਼ਿਆਰ ਸਿੰਘ ਘਟੌੜਾ/ਮਨੋਜ ਸ਼ਰਮਾ
ਰਾਮਾਂ ਮੰਡੀ/ਬਠਿੰਡਾ, 6 ਮਈ
ਇਥੇ ਰਾਮਾਂ ਮੰਡੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੀ ਟਾਊਨਸ਼ਿਪ ਵਿਚ ਕੰਮ ਕਰਦੀ ਇੱਕ ਨਿਜੀ ਕੰਪਨੀ ਦੇ ਤਿੰਨ ਮਜ਼ਦੂਰਾਂ ਦੀ ਸੀਵਰੇਜ ਦੀ ਸਫ਼ਾਈ ਕਰਨ ਦੌਰਾਨ ਗੈਂਸ ਚੜ੍ਹਨ ਕਰ ਕੇ ਮੌਤ ਹੋ ਗਈ। ਇਸ ਟਾਊਨਸ਼ਿਪ ਵਿਚ ਰਿਫਾਈਨਰੀ ਦੇ ਮੁਲਾਜ਼ਮਾਂ ਦੀਆਂ ਰਿਹਾਇਸ਼ਾਂ ਹਨ।
ਮਿਲੀ ਜਾਣਕਾਰੀ ਅਨੁਸਾਰ ਕੰਪਨੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਜਿਉਂ ਹੀ ਸਫਾਈ ਲਈ ਸੀਵਰੇਜ ਦੇ ਐਸਟੀਪੀ ਸੀਵਰੇਜ ਟਰੀਟਮੈਂਟ ਪਲਾਂਟ ਦੇ ਟੈਂਕ ਦਾ ਮੇਨ ਢੱਕਣ ਖੋਲ੍ਹਿਆ ਤਾਂ ਅੰਦਰ ਪੈਦਾ ਹੋਈ ਗੈਸ ਇੱਕਦਮ ਇਨ੍ਹਾਂ ਮਜ਼ਦੂਰਾਂ ਨੂੰ ਚੜ੍ਹ ਗਈ, ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਉਨ੍ਹਾਂ ਮਜ਼ਦੂਰਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਲਿਜਾਇਆ ਗਿਆ, ਪਰ ਉਥੇ ਡਾਕਟਰਾਂ ਨੇ ਤਿੰਨ ਮਜ਼ਦੂਰਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਇਸ ਘਟਨਾ ਦੌਰਾਨ ਗੈਸ ਕਾਰਨ ਬਿਮਾਰ ਹੋਏ ਚੌਥੇ ਮਜ਼ਦੂਰ ਕ੍ਰਿਸ਼ਨ ਕੁਮਾਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਵਿਚ ਮਰਨ ਵਾਲੇ ਤਿੰਨੋ ਮਜ਼ਦੂਰ ਨਜ਼ਦੀਕੀ ਪਿੰਡਾਂ ਦੇ ਵਸਨੀਕ ਸਨ। ਇਨ੍ਹਾਂ ਦੀ ਪਛਾਣ ਅਸਤਰ ਅਲੀ, ਪਿੰਡ ਜੱਸੀ ਬਾਗ ਵਾਲੀ, ਰਾਜਵਿੰਦਰ ਸਿੰਘ ਪਿੰਡ ਹੈਬੂਆਣਾ ਅਤੇ ਸੁਖਪਾਲ ਸਿੰਘ, ਪਿੰਡ ਚੱਕ ਅਤਰ ਸਿੰਘ ਵਾਲਾ ਵਜੋਂ ਹੋਈ ਹੈ।
ਮਜ਼ਦੂਰ ਕ੍ਰਿਸ਼ਨ ਕੁਮਾਰ/ਕ੍ਰਿਸ਼ਨ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਮਜ਼ਦੂਰ ਪਿਛਲੇ ਕਾਫੀ ਸਮੇ ਤੋਂ ਹੀ ਇਥੇ ਇਸ ਕੰਮ ਵਿਚ ਲੱਗੇ ਹੋਏ ਸਨ ਅਤੇ ਇਨ੍ਹਾਂ ਕੋਲ ਕੰਮ ਦਾ ਤਜਰਬਾ ਵੀ ਸੀ। ਇਸ ਦੇ ਬਾਵਜੂਦ ਘਟਨਾ ਕਿਵੇਂ ਵਾਪਰ ਗਈ, ਇਹ ਗੱਲ ਸਮਝ ਤੋਂ ਬਾਹਰ ਹੈ।