ਜਵਾਬੀ ਟੈਕਸ: ਭਾਰਤੀ ਤੇ ਅਮਰੀਕਾ ਮਈ ਵਿਚ ਕਰਨਗੇ ਦੂਜੇ ਗੇੜ ਦੀ ਗੱਲਬਾਤ
Tariff : India US to hold another round of trade talks in May ਵਣਜ ਮੰਤਰਾਲੇ ਦੇ ਵਧੀਕ ਸਕੱਤਰ ਰਾਜੇਸ਼ ਅਗਰਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਮਈ ਮਹੀਨੇ ਵਿੱਚ ਵਪਾਰਕ ਗੱਲਬਾਤ ਦੇ ਇੱਕ ਹੋਰ ਗੇੜ ਤਹਿਤ ਸੰਵਾਦ ਕਰਨਗੇ ਜਦੋਂ ਕਿ ਵਾਰਤਾਕਾਰਾਂ ਦਰਮਿਆਨ ਵਰਚੁਅਲ ਮੀਟਿੰਗਾਂ ਇਸ ਹਫ਼ਤੇ ਸ਼ੁਰੂ ਹੋਣਗੀਆਂ।
ਅਗਰਵਾਲ ਭਾਰਤੀ ਵਾਰਤਾਕਾਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਨ ਜਿਸ ਨੇ 26 ਤੋਂ 29 ਮਾਰਚ ਨੂੰ ਅਮਰੀਕੀ ਹਮਰੁਤਬਾ ਨਾਲ ਚਾਰ ਰੋਜ਼ਾ ਗੱਲਬਾਤ ਕੀਤੀ ਸੀ। ਇਹ ਬੈਠਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਬਰਾਮਦਾਂ ’ਤੇ ਜਵਾਬੀ ਟੈਕਸ ਲਗਾਉਣ ਦੀ ਧਮਕੀ ਦੇ ਪਿਛੋਕੜ ਵਿੱਚ ਹੋਈ ਸੀ। ਟਰੰਪ ਨੇ ਭਾਰਤ ਸਮੇਤ ਕੁਝ ਹੋਰਨਾਂ ਮੁਲਕਾਂ ’ਤੇ ਲਗਾਏ ਜਾਣ ਵਾਲੇ ਜਵਾਬੀ ਟੈਕਸ ਦ ਅਮਲ ’ਤੇ 3 ਅਪਰੈਲ ਨੂੰ ਅਗਲੇ 90 ਦਿਨਾਂ ਲਈ ਰੋਕ ਲਗਾ ਦਿੱਤੀ ਸੀ।
ਅਗਰਵਾਲ, ਜੋ ਨਵੀਂ ਦਿੱਲੀ ਵਿੱਚ ਵਪਾਰ ਅੰਕੜਿਆਂ ਬਾਰੇ ਵਣਜ ਮੰਤਰਾਲੇ ਦੀ ਬ੍ਰੀਫਿੰਗ ਦਾ ਹਿੱਸਾ ਸਨ, ਨੇ ਕਿਹਾ ਕਿ ਦੁਵੱਲੇ ਵਪਾਰ ਸਮਝੌਤੇ (ਬੀਟੀਏ) ਨੂੰ ਲੈ ਕੇ ਗੱਲਬਾਤ ਦੀਆਂ ਸ਼ਰਤਾਂ ’ਤੇ ਸਹਿਮਤੀ ਬਣ ਗਈ ਹੈ। ਅਗਰਵਾਲ ਨੇ ਅੱਗੇ ਕਿਹਾ ਕਿ ਵਰਚੁਅਲ ਗੱਲਬਾਤ ਇਸ ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਵੇਗੀ ਜਦੋਂਕਿ ਵਨ ਟੂ ਵਨ ਗੱਲਬਾਤ ਸ਼ਾਇਦ ਮਈ ਦੇ ਦੂਜੇ ਅੱਧ ਵਿੱਚ ਹੋਵੇ।