ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਪ੍ਰਬੰਧਕੀ ਕਮੇਟੀ ਕਾਇਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਪਰੈਲ
ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਜਨਰਲ ਬਾਡੀ ਮੀਟਿੰਗ ਸਟੂਡੈਂਟ ਹੋਮ ਆਡੀਟੋਰੀਅਮ ਵਿੱਚ ਹੋਈ ਜਿਸ ਵਿੱਚ 165 ਦੇ ਕਰੀਬ ਮੈਂਬਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਅਗਲੇ ਦੋ ਸਾਲਾਂ (ਅਪਰੈਲ 2025-ਮਾਰਚ 2027) ਲਈ ਨਵੀਂ ਪ੍ਰਬੰਧਕੀ ਕਮੇਟੀ ਦੇ ਗਠਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਪੰਜ ਮੈਂਬਰੀ ਚੋਣ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਲਈ ਸੁਯੋਗ ਢੰਗ ਨਾਲ ਹਾਊਸ ਦੇ ਸੰਪੂਰਨ ਸਹਿਯੋਗ ਨਾਲ ਚੋਣ ਕਰਵਾਈ ਜਿਸ ਵਿੱਚ ਸੁਖਦੇਵ ਸਿੰਘ ਨੂੰ ਪ੍ਰਧਾਨ ਅਤੇ ਆਸਾ ਸਿੰਘ ਨੂੰ ਜਨਰਲ ਸਕੱਤਰ ਦੇ ਅਹੁਦੇ ਲਈ ਨਿਰਵਿਰੋਧ ਸਰਬ ਸੰਮਤੀ ਨਾਲ ਚੁਣਿਆ ਗਿਆ ਅਤੇ ਹਾਊਸ ਨੇ ਦੋਵੇਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।
ਐਸੋਸੀਏਸ਼ਨ ਦੇ ਸੰਵਿਧਾਨ ਅਨੁਸਾਰ ਚੁਣੇ ਹੋਏ ਪ੍ਰਧਾਨ ਅਤੇ ਜਨਰਲ ਸਕੱਤਰ ਵਲੋਂ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ ਦੀ ਸਲਾਹ ਨਾਲ ਬਾਕੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਿਯੁਕਤੀ ਕਰਕੇ ਐਗਜੈਕਟਿਵ ਕਮੇਟੀ ਦਾ ਗਠਨ ਅਤੇ ਨੋਟੀਫਿਕੇਸ਼ਨ ਦਿੱਤਾ ਜਾਵੇਗਾ। ਐਸੋਸੀਏਸ਼ਨ ਦੀ ਚੋਣ ਕਮੇਟੀ ਵਿੱਚ ਸਵਰਨ ਸਿੰਘ ਰਾਣਾ, ਕਨਵੀਨਰ, ਮੰਗਤ ਸਿੰਘ ਪਰਮਾਰ, ਚਮਨ ਲਾਲ ਜਿੰਦਲ, ਬਲਬੀਰ ਸਿੰਘ ਅਤੇ ਤਜਿੰਦਰ ਮਹੇਂਦਰੂ ਸ਼ਾਮਲ ਸਨ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਚਾਰ ਨਵੇਂ ਸੇਵਾ-ਮੁਕਤ ਸਾਥੀਆਂ ਨੂੰ ਲਾਈਫ ਮੈਂਬਰ ਬਣਨ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 31 ਮਾਰਚ 2025 ਤੱਕ ਦੇ ਆਮਦਨ/ਖਰਚੇ ਦੇ ਵੇਰਵੇ ਵੀ ਹਾਊਸ ਦੀ ਟੇਬਲ ਤੇ ਰੱਖੇ ਗਏ ਜਿਨ੍ਹਾਂ ਬਾਰੇ ਹਾਊਸ ਨੇ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ। ਜੈਪਾਲ ਸਿੰਘ, ਮੌਰੀਆ, ਸੁਰਿੰਦਰ ਸਿੰਘ ਮੋਹੀ ਅਤੇ ਇੰਦਰ ਸੈਨ ਨੇ ਆਪਣੀਆਂ ਕਵਿਤਾਵਾਂ ਰਾਹੀਂ ਹਾਜ਼ਰੀ ਲਗਵਾਈ।