ਪਿੰਡ ਬਾਲੀਆਂ ਦੇ ਆਰਓ ਸਿਸਟਮ ਦਾ ਮਾਮਲਾ: ਐੱਸਡੀਐੱਮ ਦਫ਼ਤਰ ਅੱਗੇ ਗਰਜੇ ਬਸਪਾ ਵਰਕਰ
ਸੰਗਰੂਰ, 13 ਮਈ
ਇਥੋਂ ਨੇੜਲੇ ਪਿੰਡ ਬਾਲੀਆਂ ਵਿਖੇ ਆਰ.ਓ. ਸਿਸਟਮ ਦੇ ਮਾਮਲੇ ਨੂੰ ਲੈ ਕੇ ਛਿੜਿਆ ਵਿਵਾਦ ਹਾਲੇ ਵੀ ਕਿਸੇ ਤਣ-ਪੱਤਣ ਨਹੀਂ ਲੱਗਿਆ। ਦੋ ਦਿਨ ਥਾਣਾ ਸਦਰ ਪੁਲੀਸ ਬਾਲੀਆਂ ਅੱਗੇ ਰੋਸ ਧਰਨਾ ਲਗਾਉਣ ਤੋਂ ਬਾਅਦ ਬਸਪਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਤੇ ਲੋਕਾਂ ਵਲੋਂ ਅੱਜ ਐਸ.ਡੀ.ਐਮ. ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਰੋਸ ਧਰਨੇ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸੂਬਾ ਆਗੂ ਡਾ. ਮੱਖਣ ਸਿੰਘ, ਜ਼ਿਲ੍ਹਾ ਪ੍ਰਧਾਨ ਸਤਿਗੁਰ ਸਿੰਘ ਕੌਹਰੀਆਂ ਅਤੇ ਜ਼ਿਲ੍ਹਾ ਇੰਚਾਰਜ ਸੂਬੇਦਾਰ ਰਣਧੀਰ ਸਿੰਘ ਨਾਗਰਾ ਨੇ ਪਿੰਡ ਬਾਲੀਆਂ ਵਿਖੇ ਕਰੀਬ 15 ਸਾਲ ਪਹਿਲਾਂ ਇੱਕ ਆਰ.ਓ. ਲੱਗਿਆ ਸੀ ਜਿਸ ਉਪਰ ਦਲਿਤ ਵਰਗ ਨਾਲ ਸਬੰਧਤ ਚਮਕੌਰ ਸਿੰਘ ਨੂੰ ਪਿੰਡ ਦੀ ਪੰਚਾਇਤ ਵਲੋਂ ਸੰਨ 2012 ਵਿਚ ਮਤਾ ਪਾ ਕੇ ਬਤੌਰ ਅਪਰੇਟਰ ਰੱਖਿਆ ਸੀ ਪਰੰਤੂ ਤਬਦੀਲ ਹੋਈ ਪਿੰਡ ਦੀ ਪੰਚਾਇਤ ਵਲੋਂ ਅਪਰੇਟਰ ਚਮਕੌਰ ਸਿੰਘ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਅਤੇ ਆਰ.ਓ. ਦੇ ਅੰਦਰ ਤੇ ਬਾਹਰ ਚਮਕੌਰ ਸਿੰਘ ਵਲੋਂ ਜੋ ਸਮਾਨ ਆਦਿ ਲਗਵਾਇਆ ਹੋਇਆ ਸੀ, ਉਹ ਵੀ ਵਾਪਸ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵਲੋਂ ਚਮਕੌਰ ਸਿੰਘ ਅਤੇ ਉਸਦੇ ਦੋ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਜਿੰਨ੍ਹਾਂ ’ਚੋ ਪੀਐਚਡੀ ਕਰ ਰਹੇ ਛੋਟੇ ਭਰਾ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਦਿੱਤਾ ਗਿਆ ਜੋ ਕਿ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਦੱਸਿਆ ਕਿ ਬਸਪਾ ਵਰਕਰਾਂ ਵਲੋਂ ਥਾਣਾ ਸਦਰ ਬਾਲੀਆਂ ਅੱਗੇ ਦੋ ਦਿਨ ਰੋਸ ਧਰਨਾ ਦਿੰਦਿਆਂ ਪੀੜ੍ਹਤ ਵਿਅਕਤੀਆਂ ਨੂੰ ਇਨਸਾਫ਼ ਦਿਵਾਉੈਣ ਦੀ ਮੰਗ ਕੀਤੀ। ਧਰਨੇ ਦੌਰਾਨ ਦੋਵੇਂ ਦਿਨ ਥਾਣਾ ਮੁਖੀ ਵਲੋਂ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਪਰੰਤੂ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਲੰਘੇ ਦਿਨ ਪ੍ਰਸ਼ਾਸ਼ਨ ਵਲੋਂ ਤਹਿਸੀਲਦਾਰ, ਐਕਸੀਅਨ ਵਾਟਰ ਸਪਲਾਈ ਅਤੇ ਥਾਣਾ ਪੁਲੀਸ ਪਿੰਡ ਬਾਲੀਆਂ ਪੁੱਜੇ ਸੀ ਪਰੰਤੂ ਚਮਕੌਰ ਸਿੰਘ ਨੂੰ ਉਸਦਾ ਸਮਾਨ ਵਾਪਰ ਨਹੀਂ ਦਿਵਾਇਆ ਗਿਆ। ਜਿਸ ਕਾਰਨ ਬਸਪਾ ਵਰਕਰਾਂ ਤੇ ਕਿਰਤੀ ਲੋਕਾਂ ਵਿਚ ਰੋਸ ਫੈਲ ਗਿਆ ਅਤੇ ਅੱਜ ਐਸਡੀਐਮ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ 24 ਘੰਟਿਆਂ ਦੇ ਅੰਦਰ ਅੰਦਰ ਚਮਕੌਰ ਸਿੰਘ ਦਾ ਸਮਾਨ ਵਾਪਸ ਦਿਵਾਇਆ ਜਾਵੇ ਅਤੇ ਪੁਲੀਸ ਵਲੋਂ ਦਰਜ ਕੀਤਾ ਕੇਸ ਰੱਦ ਕੀਤਾ ਜਾਵੇ।
ਰੋਸ ਧਰਨੇ ਦੌਰਾਨ ਪੁੱਜੇ ਐਸਡੀਐਮ ਚਰਨਜੋਤ ਸਿੰਘ ਵਾਲੀਆ ਧਰਨਾਕਾਰੀਆਂ ਦਾ ਪੱਖ ਸੁਣਿਆ ਅਤੇ ਭਲਕੇ 14 ਮਈ ਤੱਕ ਮਾਮਲਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਬਸਪਾ ਆਗੂ ਦਰਸ਼ਨ ਸਿੰਘ ਨਦਾਮਪੁਰ, ਤੇਜਾ ਸਿੰਘ, ਗੁਰਜੰਟ ਸਿੰਘ, ਪ੍ਰਕਾਸ਼ ਸਿੰਘ, ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਮਿੱਠਾ ਸਿੰਘ ਬਾਲੀਆਂ, ਮੁਖਤਿਆਰ ਸਿੰਘ ਮੈਂਬਰ, ਬਲਵੀਰ ਸਿੰਘ, ਮੁਖਤਿਆਰ ਸਿੰਘ, ਅਮਨਦੀਪ ਕੌਰ, ਬਲਜੀਤ ਕੌਰ ਆਦਿ ਸ਼ਾਮਲ ਸਨ।