ਪਿਹੋਵਾ-ਪਟਿਆਲਾ ਸੜਕ ਦਾ ਮੁੱਦਾ ਵਿਧਾਨ ਸਭਾ ’ਚ ਗੂੰਜਿਆ
ਸਤਪਾਲ ਰਾਮਗੜ੍ਹੀਆ
ਪਿਹੋਵਾ, 22 ਮਾਰਚ
ਇੱਥੋਂ ਦੇ ਕਾਂਗਰਸੀ ਵਿਧਾਇਕ ਮਨਦੀਪ ਚੱਠਾ ਨੇ ਵਿਧਾਨ ਸਭਾ ਵਿੱਚ ਤਿੰਨ ਰਾਜਾਂ ਨੂੰ ਜੋੜਨ ਵਾਲੀ ਪਿਹੋਵਾ-ਪਟਿਆਲਾ ਸੜਕ ਦਾ ਮੁੱਦਾ ਚੁੱਕਿਆ। ਇਸ ਸੜਕ ਨੂੰ ਟੁੱਟੇ ਨੂੰ ਕਈ ਸਾਲ ਹੋ ਗਏ ਹਨ ਪਰ ਭਾਜਪਾ ਦੇ ਪਹਿਲੀ ਅਤੇ ਦੂਜੀ ਸਰਕਾਰ ਵਿੱਚ ਵੀ ਇਸ ’ਤੇ ਕੋਈ ਕੰਮ ਨਹੀਂ ਹੋਇਆ। ਵਿਧਾਇਕ ਮਨਦੀਪ ਚੱਠਾ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ ਪਟਿਆਲਾ, ਪਿਹੋਵਾ, ਕੁਰੂਕਸ਼ੇਤਰ, ਯਮੁਨਾਨਗਰ ਸੜਕ ਪੰਜਾਬ, ਹਰਿਆਣਾ ਅਤੇ ਯੂਪੀ ਨੂੰ ਜੋੜਦੀ ਹੈ। ਇਹ ਪੰਜਾਬ ਦੀ ਸਰਹੱਦ ’ਤੇ ਦੇਵੀਗੜ੍ਹ ਤੋਂ ਪਰੇ ਵਧੀਆ ਹਾਲਤ ਵਿੱਚ ਹੈ ਪਰ ਹਰਿਆਣਾ ਦੀ ਸਰਹੱਦ ’ਤੇ ਪਿੰਡ ਟਯੁਕਰ ਤੋਂ ਭੱਟ ਮਾਜਰਾ ਤੱਕ ਸੜਕ ਦੀ ਹਾਲਤ ਬਹੁਤ ਖਸਤਾ ਹੈ। ਇਹ ਸੜਕ ਪੰਜਾਬ ਜਾਣ ਅਤੇ ਆਉਣ ਵਾਲੇ ਯਾਤਰੀਆਂ ਲਈ ਪਿਹੋਵਾ ਆਉਣ ਦਾ ਮੁੱਖ ਰਸਤਾ ਹੈ। ਡੂੰਘੇ ਟੋਇਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਵਿੱਚ ਕਈ ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਇਸ ਸੜਕ ’ਤੇ ਵਾਹਨਾਂ ਦੇ ਐਕਸਲ ਟੁੱਟ ਰਹੇ ਹਨ। ਯਾਤਰਾ ਕਰਨ ਵਾਲੇ ਲੋਕਾਂ ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਬੋਧਨੀ, ਬੋਧਾ, ਕਾਲਸਾ, ਜਰਾਸੀ ਸਣੇ ਦਰਜਨਾਂ ਪਿੰਡ ਇਸ ਹਲਕੇ ਨਾਲ ਸਬੰਧਤ ਹਨ। ਇਹ ਸੜਕ ਵਪਾਰੀਆਂ ਅਤੇ ਯਾਤਰੀਆਂ ਲਈ ਵੀ ਮਹੱਤਵਪੂਰਨ ਹੈ। ਚੱਠਾ ਨੇ ਸੈਸ਼ਨ ਵਿੱਚ ਇਸ ਸੜਕ ਦੇ ਨਵੀਨੀਕਰਨ ਦੀ ਮੰਗ ਚੁੱਕੀ। ਇਸ ’ਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਛੇ ਮਹੀਨਿਆਂ ਵਿੱਚ ਸੂਬੇ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕਰ ਦਿੱਤਾ ਜਾਵੇਗਾ।