ਇਨੈਲੋ ਦੇ ਕੌਮੀ ਪ੍ਰਧਾਨ ਬਣੇ ਅਭੈ ਸਿੰਘ ਚੌਟਾਲਾ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 25 ਮਾਰਚ
ਹਰਿਆਣਾ ਦੀ ਸਿਆਸਤ ਵਿੱਚ ਬੇਬਾਕ ਆਗੂ ਵਜੋਂ ਜਾਣੇ ਜਾਂਦੇ 62 ਸਾਲਾ ਅਭੈ ਸਿੰਘ ਚੌਟਾਲਾ ਹੁਣ ਇਨੈਲੋ ਦੇ ਕੌਮੀ ਪ੍ਰਧਾਨ ਹੋਣਗੇ। ਇਨੈਲੋ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪ੍ਰਧਾਨ ਜਨਰਲ ਸਕੱਤਰ ਵਜੋਂ ਪਾਰਟੀ ਸੰਗਠਨ ਦਾ ਕਾਰਜ ਸੰਭਾਲ ਰਹੇ ਸਨ। ਜ਼ਿਕਰਯੋਗ ਹੈ ਕਿ 24 ਦਸੰਬਰ 2024 ਨੂੰ ਪਾਰਟੀ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ ਚੌਟਾਲਾ ਦੇ ਦਿਹਾਂਤ ਉਪਰੰਤ ਇਨੈਲੋ ਦੇ ਕੌਮੀ ਪ੍ਰਧਾਨ ਦਾ ਅਹੁਦਾ ਖਾਲੀ ਸੀ। ਪਾਰਟੀ ਨੇ ਇਹ ਅਹਿਮ ਫੈਸਲਾ ਇਨੈਲੋ ਦੇ ਸਾਰੇ ਸੂਬਾ ਪ੍ਰਧਾਨਾਂ ਨਾਲ ਵਿਚਾਰ-ਵਟਾਂਦਰੇ ਉਪਰੰਤ ਲਿਆ ਹੈ। ਅਭੈ ਚੌਟਾਲਾ ਨੂੰ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਸਾਰੇ ਅਹੁਦੇਦਾਰ ਚੁਣਨ ਦੇ ਹਕੂਕ ਵੀ ਦਿੱਤੇ ਗਏ। ਅਭੈ ਚੌਟਾਲਾ ਨੇ ਸਿਆਸੀ ਜੀਵਨ ਦੀ ਸ਼ੁਰੂਆਤ ਪਿੰਡ ਚੌਟਾਲਾ ਦੇ ਪੰਚ/ਉਪ ਸਰਪੰਚ ਵਜੋਂ ਕੀਤੀ ਸੀ। ਉਸ ਦੇ ਉਪਰੰਤ ਰੋੜੀ ਵਿਧਾਨ ਸਭਾ ਹਲਕੇ ਤੋਂ ਰਿਕਾਰਡ ਵੋਟਾਂ ਨਾਲ ਵਿਧਾਇਕ ਚੁਣੇ ਗਏ ਸਨ। ਉਹ 2014 ਤੋਂ 2019 ਤੱਕ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਹਨ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਚੌਧਰੀ ਦੇਵੀ ਲਾਲ ਦੀਆਂ ਲੋਕਪੱਖੀ ਨੀਤੀਆਂ ਨੂੰ ਅੱਗੇ ਲਿਜਾਉਣਾ ਅਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨੈਲੋ ਹਰ ਕੀਮਤ ’ਤੇ ਹਰਿਆਣਾ ਦੇ ਹਿੱਤ ਅਤੇ ਵਿਕਾਸ ਦੀ ਰਾਜਨੀਤੀ ਲਈ ਵਚਨਬੱਧ ਹੈ। ਨਵੇਂ ਚੁਣੇ ਕੌਮੀ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਦੇ ਮੌਜੂਦਾ ਹਾਲਾਤਾਂ ਨੂੰ ਬਿਹਤਰ ਦਸ਼ਾ ਅਤੇ ਮਜ਼ਬੂਤ ਦਿਸ਼ਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨਾਂ ਹਾਲਾਤ ਨੂੰ ਬਦਲਣ ਲਈ ਸੂਬੇ ਵਿੱਚ ਜਨ ਸੰਪਰਕ ਯਾਤਰਾ ਸੁਰੂ ਕੀਤੀ ਜਾਵੇਗੀ। ਜਿਸਦੇ ਜ਼ਰੀਏ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਸੂਬੇ ਦੇ ਹਰ ਪਿੰਡ ਵਿੱਚ ਪਹੁੰਚਾਇਆ ਜਾਵੇਗਾ। ਸ੍ਰੀ ਚੌਟਾਲਾ ਨੇ ਕਿਹਾ ਕਿ ਯਾਤਰਾ ਦੌਰਾਨ ਉਹ ਉਹ ਰੋਜ਼ਾਨਾ 10-12 ਪਿੰਡਾਂ ਦਾ ਦੌਰਾ ਕਰਨਗੇ ਅਤੇ ਆਮ ਲੋਕਾਂ ਨਾਲ ਗੱਲਬਾਤ ਕਰਨਗੇ। ਇਨੈਲੋ ਦੀ ਕੌਮੀ ਕਾਰਜਕਾਰਨੀ ਵਿੱਚ ਆਰਐੱਸ ਚੌਧਰੀ ਤੇ ਸ਼ੇਰ ਸਿੰਘ ਬੜਸ਼ਾਮੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਜਦਕਿ ਕ੍ਰਿਸ਼ਨ ਕੁਮਾਰ ਜਾਲਾਨ, ਅੰਜੂ ਚੌਧਰੀ ਤੇ ਬ੍ਰਿਗੇਡੀਅਰ ਓਪੀ ਚੌਧਰੀ ਨੂੰ ਮੀਤ ਪ੍ਰਧਾਨ ਥਾਪਿਆ ਗਿਆ ਹੈ। ਹੁਣ ਪ੍ਰਕਾਸ਼ ਭਾਰਤੀ ਪਾਰਟੀ ਦੇ ਪ੍ਰਧਾਨ ਜਨਰਲ ਸਕੱਤਰ ਹੋਣਗੇ। ਜਥੇਬੰਦਕ ਦੇ ਮੁੜ ਗਠਨ ਵਿੱਚ ਰਾਮਪਾਲ ਮਾਜਰਾ ਨੂੰ ਮੁੜ ਹਰਿਆਣਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।