ਨਿੱਜੀ ਯੂਨੀਵਰਸਿਟੀ ਵਿਚ 400 ਅਫੀਮ ਦੇ ਬੂਟੇ ਮਿਲੇ, ਮਾਲੀ ਕਾਬੂ
ਮੁਕੇਸ਼ ਟੰਡਨ
ਸੋਨੀਪਤ, 29 ਮਾਰਚ
ਰੋਹਤਕ ਦੇ ਇਕ ਯੂਨੀਵਰਸਿਟੀ ਕੈਂਪਸ ਵਿੱਚ 140 ਅਫੀਮ ਦੇ ਪੌਦੇ ਮਿਲਣ ਤੋਂ ਇੱਕ ਦਿਨ ਬਾਅਦ ਸੋਨੀਪਤ ਪੁਲੀਸ ਨੂੰ ਸ਼ੁੱਕਰਵਾਰ ਨੂੰ ਰਾਏ ਦੇ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਵਿਚ ਇਕ ਨਿੱਜੀ ਯੂਨੀਵਰਸਿਟੀ ਵਿਚ ਕੁੱਲ 400 ਅਫੀਮ ਦੇ ਪੌਦੇ ਮਿਲੇ। ਪੁਲੀਸ ਨੇ ਯੂਨੀਵਰਸਿਟੀ ਕੈਂਪਸ ਵਿੱਚ ਅਫੀਮ ਦੇ ਪੌਦਿਆਂ ਦੀ ਕਾਸ਼ਤ ਕਰਨ ਦੇ ਦੋਸ਼ ਵਿਚ ਇਕ ਮਾਲੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਸੰਤ ਲਾਲ ਵਜੋਂ ਹੋਈ ਹੈ। ਉਹ ਲੰਬੇ ਸਮੇਂ ਤੋਂ ਯੂਨੀਵਰਸਿਟੀ ਵਿਚ ਮਾਲੀ ਵਜੋਂ ਕੰਮ ਕਰ ਰਿਹਾ ਸੀ। ਨਰਿੰਦਰ ਸਿੰਘ ਕਾਦਿਆਨ ਡੀਸੀਪੀ ਕ੍ਰਾਈਮ ਅਤੇ ਡੀਸੀਪੀ ਵੈਸਟ ਨੇ ਕਿਹਾ ਕਿ ਏਐੱਸਆਈ ਸੁਰੇਂਦਰ ਦੀ ਅਗਵਾਈ ਵਾਲੀ ਕ੍ਰਾਈਮ ਯੂਨਿਟ-1 ਨੂੰ ਵੱਡੀ ਮਾਤਰਾ ਵਿੱਚ ਫੁੱਲਾਂ ਦੇ ਵਿਚਕਾਰ ਵਰਲਡ ਯੂਨੀਵਰਸਿਟੀ ਆਫ਼ ਡਿਜ਼ਾਈਨ (ਡਬਲਯੂਯੂਡੀ) ਦੇ ਕੈਂਪਸ ਵਿੱਚ ਗੈਰ-ਕਾਨੂੰਨੀ ਤੌਰ ’ਤੇ ਅਫੀਮ ਦੀ ਕਾਸ਼ਤ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਬਾਅਦ ਟੀਮ ਨੇ ਸ਼ੁੱਕਰਵਾਰ ਨੂੰ ਡਰੱਗਜ਼ ਕੰਟਰੋਲ ਅਫ਼ਸਰ ਮੁਨਸ਼ੀ ਰਾਮ ਅਤੇ ਬਾਗਬਾਨੀ ਵਿਭਾਗ ਦੇ ਇਕ ਸਹਾਇਕ ਪ੍ਰੋਜੈਕਟ ਅਫ਼ਸਰ ਦੇ ਨਾਲ ਯੂਨੀਵਰਸਿਟੀ ਕੈਂਪਸ ਵਿੱਚ ਛਾਪਾ ਮਾਰਿਆ।
ਟੀਮ ਨੇ ਕੈਂਪਸ ਦੇ ਅੰਦਰ ਫੁੱਲਾਂ ਦੇ ਵਿਚਕਾਰ ਗੈਰ-ਕਾਨੂੰਨੀ ਤੌਰ ’ਤੇ ਉਗਾਏ ਗਏ ਅਫੀਮ ਦੇ ਬੂਟਿਆਂ ਦੀ ਤਲਾਸ਼ੀ ਮੁਹਿੰਮ ਚਲਾਈ। ਡੀਸੀਪੀ ਨੇ ਅੱਗੇ ਕਿਹਾ ਕਿ ਟੀਮ ਨੇ ਕੁੱਲ 400 ਅਫੀਮ ਦੇ ਪੌਦੇ ਬਰਾਮਦ ਕੀਤੇ ਜਿਨ੍ਹਾਂ ਦੀ ਉਚਾਈ ਲਗਭਗ 3-4 ਫੁੱਟ ਅਤੇ ਕੁੱਲ ਭਾਰ ਲਗਭਗ 40 ਕਿਲੋਗ੍ਰਾਮ ਸੀ।
ਡੀਸੀਪੀ ਕ੍ਰਾਈਮ ਨਰਿੰਦਰ ਸਿੰਘ ਕਾਦਿਆਨ ਕਿਹਾ ਕਿ ਦੋਸ਼ੀ ਸੰਤ ਲਾਲ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਹੋਰਾਂ ਦੀ ਸ਼ਮੂਲੀਅਤ ਬਾਰੇ ਜਾਂਚ ਕਰਨ ਲਈ ਉਸਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲੈ ਲਿਆ ਗਿਆ।
ਡੀਸੀਪੀ ਨੇ ਅੱਗੇ ਕਿਹਾ ਕਿ ਅਫੀਮ ਦੇ ਡੋਡੇ ’ਤੇ ਕੱਟ ਵੀ ਪਾਏ ਗਏ ਸਨ ਜਿਸ ਤੋਂ ਸਪੱਸ਼ਟ ਤੌਰ 'ਤੇ ਪਤਾ ਚੱਲਦਾ ਹੈ ਕਿ ਇਨ੍ਹਾਂ ਦੀ ਵਰਤੋਂ ਕਿਸੇ ਦੁਆਰਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਟੀਮ ਨੇ ਕੈਂਪਸ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਾਰੇ ਪੌਦਿਆਂ ਨੂੰ ਹਟਾ ਦਿੱਤਾ।