ਪਾਠਕਾਂ ਦੇ ਖ਼ਤ
ਵਿਕਾਸ ਮਾਡਲ ਅਤੇ ਅਸੀਂ
ਜਦੋਂ ਵੀ ਚਾਰ ਜਾਂ ਛੇ ਮਾਰਗੀ ਸੜਕਾਂ ਅਤੇ ਬਾਈਪਾਸ ਬਣਨ ਵਰਗੀਆਂ ਖ਼ਬਰਾਂ ਪੜ੍ਹੀਦੀਆਂ ਹਨ (10 ਅਪਰੈਲ), ਸਾਰਾ ਧਿਆਨ ਧੂੜ, ਮਿੱਟੀ ਅਤੇ ਸ਼ੋਰ ਕਾਰਨ ਪਲੀਤ ਹੁੰਦੇ ਵਾਤਾਵਰਨ ਵੱਲ ਚਲਾ ਜਾਂਦਾ ਹੈ। ਉਨ੍ਹਾਂ ਲੋਕਾਂ ਦੀ ਸੋਚ ’ਤੇ ਵੀ ਹੈਰਾਨੀ ਹੁੰਦੀ ਹੈ ਜੋ ਇਕਜੁੱਟ ਹੋ ਕੇ ਵਿਰੋਧ ਕਰਨ ਦੀ ਬਜਾਏ ਅਜਿਹੇ ਵਿਕਾਸ ਮਾਡਲ ਨੂੰ ਮੰਤਰ-ਮੁਗਧ ਹੋ ਕੇ ਦੇਖਦੇ ਹਨ। ਵਾਹਨ ਲਈ ਕਰਜ਼ਾ ਸਸਤਾ ਹੋਣ ਦੀ ਖ਼ਬਰ ਪੜ੍ਹ ਕੇ ਖਿਆਲ ਆਇਆ ਕਿ ਦੂਜੇ ਪਾਸੇ ਵਾਹਨਾਂ ਦੀ ਵਧਦੀ ਗਿਣਤੀ ਕੰਟਰੋਲ ਕਰਨ ਦੀ ਗੱਲ ਕੀਤੀ ਜਾਂਦੀ ਹੈ। ਕੀ ‘ਆਪ’ ਦਾ ਕਿਸਾਨਾਂ ਵੱਲ ਵਤੀਰਾ ਅਤੇ ਮੋਦੀ ਵਾਲਾ ਵਿਕਾਸ ਮਾਡਲ ਅਪਣਾਉਣਾ ਕੁਝ ਬੁੱਧੀਜੀਵੀਆਂ ਦੀ ਇਹ ਗੱਲ ਸੱਚ ਸਾਬਤ ਨਹੀਂ ਕਰਦਾ ਕਿ ‘ਆਪ’ ਸਰਕਾਰ ਭਾਜਪਾ ਦੀ ‘ਬੀ’ ਟੀਮ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਵਾਲਾ ਪੁਲਸੀਆ ਬੁਲਡੋਜ਼ਰ ਨਿਆਂ ਇਸ ਦੀ ਹਾਮੀ ਭਰਦਾ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਨਸ਼ਿਆਂ ਖ਼ਿਲਾਫ਼ ਯੁੱਧ ਨਹੀਂ ਅਮਨ ਦੀ ਲੋੜ’ (9 ਅਪਰੈਲ) ਪੜ੍ਹ ਕੇ ਚੰਗਾ-ਚੰਗਾ ਮਹਿਸੂਸ ਹੋਇਆ।
ਸ਼ੋਭਨਾ ਵਿੱਜ, ਪਟਿਆਲਾ
ਅਧਿਆਪਕਾਂ ਦੀ ਭਰਤੀ ਬਾਰੇ
10 ਅਪਰੈਲ ਨੂੰ ਪੰਨਾ 2 ਉੱਤੇ ਖ਼ਬਰ ਪੜ੍ਹੀ: ‘ਈਟੀਟੀ ਭਰਤੀ: ਬੇਰੁਜ਼ਗਾਰ ਅਧਿਆਪਕਾਂ ਨੇ ਡੀਪੀਆਈ ਦਫ਼ਤਰ ਘੇਰਿਆ’। ਖ਼ਬਰ ਪੜ੍ਹ ਕੇ ਦੁੱਖ ਹੋਇਆ ਕਿ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ 2500 ਅਧਿਆਪਕਾਂ ’ਚੋਂ ਸਿਰਫ਼ 800 ਅਧਿਆਪਕ ਹੀ ਡਿਊਟੀ ਜੁਆਇਨ ਕਰ ਸਕੇ। 5994 ਈਟੀਟੀ ਭਰਤੀ ਦੀ ਪਹਿਲੀ ਸੂਚੀ ਤਹਿਤ 2500 ਅਧਿਆਪਕਾਂ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਨਿਯੁਕਤੀ ਪੱਤਰ ਦਿੱਤੇ ਸਨ। ਸਰਕਾਰ ਨੂੰ ਇਸ ਪਾਸੇ ਪਹਿਲ ਦੇ ਆਧਾਰ ’ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਨਿਰਾਸ਼ ਨਾ ਹੋਣ।
ਗੋਵਿੰਦਰ ਜੱਸਲ, ਸੰਗਰੂਰ
ਅਧਿਆਪਕਾਂ ਦਾ ਅਪਮਾਨ
9 ਅਪਰੈਲ ਵਾਲਾ ਸੰਪਾਦਕੀ ‘ਜੌੜਾਮਾਜਰਾ ਦੀ ਕ੍ਰਾਂਤੀ’ ਪੜ੍ਹਿਆ। ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਨੂੰ ਵਿਧਾਇਕਾਂ ਅਤੇ ਮੰਤਰੀਆਂ ਨੂੰ ਨੱਥ ਪਾਉਣ ਦੀ ਲੋੜ ਹੈ। ਜਿਹੜੇ ਅਧਿਆਪਕ ਪੱਲਿਉਂ ਪੈਸੇ ਖ਼ਰਚ ਕੇ ਸਕੂਲ ਦੇ ਵਿਦਿਆਰਥੀਆਂ ਲਈ ਬਸ ਸੇਵਾ ਚਾਲੂ ਰੱਖ ਰਹੇ ਹਨ, ਸਕੂਲ ਵਿੱਚ ਹੋਣ ਵਾਲੇ ਸਮਾਗਮ ਲਈ ਖ਼ੁਦ ਖਰਚਾ ਕਰਦੇ ਹੋਣ, ਉਨ੍ਹਾਂ ਦਾ ਅਪਮਾਨ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚੰਗਾ ਹੋਇਆ ਕਿ ਵਿਧਾਇਕ ਨੇ ਆਪਣੇ ਇਸ ਕਾਰੇ ਲਈ ਮੁਆਫ਼ੀ ਮੰਗ ਲਈ ਹੈ।
ਰਤਨ ਸਿੰਘ ਭੰਡਾਰੀ, ਧੂਰੀ
ਪੁਲੀਸ ਵਧੀਕੀਆਂ
8 ਅਪਰੈਲ ਦੇ ਅੰਕ ਵਿੱਚ ਲੈਫਟੀਨੈਂਟ ਜਨਰਲ ਹਰਵੰਤ ਸਿੰਘ ਨੇ ਆਪਣੇ ਲੇਖ ‘ਪੁਲੀਸ ਵਧੀਕੀਆਂ ਦੀ ਜੜ੍ਹ’ ਵਿੱਚ ਵਧੀਆ ਢੰਗ ਨਾਲ ਸਮੱਸਿਆ ਦਾ ਵਿਸ਼ਲੇਸ਼ਣ ਕੀਤਾ ਹੈ। ਅਸਲ ਵਿੱਚ ਪੰਜਾਬ ਵਿੱਚ ਖਾੜਕੂਵਾਦ ਦੇ ਸਮੇਂ ਪੰਜਾਬ ਪੁਲੀਸ ਨੂੰ ਦਿੱਤੇ ਨਾਜਾਇਜ਼ ਅਧਿਕਾਰ ਅੱਜ ਵੀ ਬਰਕਰਾਰ ਹਨ। ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਣ ਕਾਰਨ ਲੋਕ ਰੋਹ ਨੂੰ ਜਬਰ ਨਾਲ ਦਬਾ ਰਹੀ ਹੈ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ
ਨਫ਼ਰਤ ਦਾ ਜਵਾਬ
ਕੁਝ ਦਿਨਾਂ ਤੋਂ ਡਾਕਟਰ ਭੀਮ ਰਾਓ ਅੰਬੇਡਕਰ ਬਾਰੇ ਅਮਰੀਕਾ ਵੱਸਦੇ ਗਰਮ-ਖਿਆਲੀਏ ਗੁਰਪਤਵੰਤ ਸਿੰਘ ਪੰਨੂ ਦੀਆਂ ਟਿੱਪਣੀਆਂ ’ਤੇ ਕਾਫ਼ੀ ਵਾਦ-ਵਿਵਾਦ ਪੜ੍ਹਨ-ਸੁਣਨ ਨੂੰ ਮਿਲਿਆ ਪਰ 6 ਅਪਰੈਲ ਦੇ ਅਖ਼ਬਾਰ ਵਿੱਚ ਪੰਨਾ 2 ਉੱਤੇ ਆਮ ਆਦਮੀ ਪਾਰਟੀ ਦੇ ਪਾਇਲ ਹਲਕੇ ਤੋਂ ਵਿਧਾਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਜੋ ਖ਼ੁਦ ਗੁਰਸਿੱਖ ਹਨ, ਦਾ ਛਪਿਆ ਬਿਆਨ ਪੰਨੂ ਦੀਆਂ ਨਫ਼ਰਤ ਭਰੀਆਂ ਟਿੱਪਣੀਆਂ ਦਾ ਸਹੀ ਵਿਸਲੇਸ਼ਣ ਹੈ। ਦਸਮ ਗੁਰੂ ਨੇ ਸ਼ੋਸ਼ਿਤ ਵਰਗ ਦੇ ਲੋਕਾਂ ਨੂੰ ਪਾਤਸ਼ਾਹੀ ਦੇਣ ਦੀ ਗੱਲ ਕੀਤੀ ਸੀ ਜਿਸ ਨੂੰ ਅਸਲ ਜਾਮਾ ਪਹਿਨਾਉਣ ਲਈ ਡਾ. ਅੰਬੇਡਕਰ ਨੇ ਉਮਰ ਭਰ ਸੰਘਰਸ਼ ਕੀਤਾ। ਪੰਨੂ ਨੂੰ ਡਾ. ਅੰਬੇਡਕਰ ਬਾਰੇ ਕੀਤੀਆਂ ਟਿੱਪਣੀਆਂ ਵਾਪਸ ਲੈਂਦੇ ਹੋਏ ਪੂਰੇ ਸ਼ੋਸ਼ਿਤ ਸਮਾਜ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਗੱਲ ਵੀ ਨੋਟ ਕਰ ਲੈਣੀ ਚਾਹੀਦੀ ਹੇ ਕਿ ਸ਼ੋਸ਼ਿਤ ਸਮਾਜ ਦੇ ਲੋਕਾਂ ਨੇ ਜਾਨ-ਮਾਲ ਦੀਆਂ ਕੁਰਬਾਨੀਆਂ ਦੇ ਕੇ ਸਿੱਖ ਇਤਿਹਾਸ ਵਿੱਚ ਵੱਖਰੀ ਥਾਂ ਬਣਾਈ ਹੋਈ ਹੈ।
ਤਰਲੋਕ ਸਿੰਘ ਚੌਹਾਨ ਐਡਵੋਕੇਟ, ਚੰਡੀਗੜ੍ਹ
ਅਮਰੀਕੀ ਧੌਂਸ ਦਾ ਹੱਲ
2 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਤਰਲੋਚਨ ਮੁਠੱਡਾ ਦਾ ਲੇਖ ‘ਅਮਰੀਕੀ ਵਸਤਾਂ ਦਾ ਬਾਈਕਾਟ’ ਅਮਰੀਕਾ ਦੀਆਂ ਦਿਓ-ਕੱਦ ਕੰਪਨੀਆਂ ਅਤੇ ਬਹੁ-ਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਆਮ ਲੋਕਾਂ ਦੇ ਛੋਟੇ ਕਾਰੋਬਾਰਾਂ ਨੂੰ ਨਿਗਲ ਲੈਣ ਬਾਰੇ ਖ਼ਬਰਦਾਰ ਕਰਦਾ ਹੈ। ਅਮਰੀਕੀਆਂ ਦੀ ਧੌਂਸ ਅਤੇ ਛੋਟੀਆਂ ਕੰਪਨੀਆਂ ਨੂੰ ਬਚਾਉਣ ਦਾ ਸਹੀ ਹੱਲ ਇਹੀ ਹੈ ਕਿ ਅਮਰੀਕੀ ਵਸਤਾਂ ਦਾ ਬਾਈਕਾਟ ਕੀਤਾ ਜਾਵੇ। ਕਿਸਾਨ ਅੰਦੋਲਨ ਦੌਰਾਨ ਵੱਡੇ ਮਾਲਾਂ ਅਤੇ ਪੈਟਰੋਲ ਪੰਪਾਂ ਦੇ ਬਾਈਕਾਟ ਨੇ ਉਨ੍ਹਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ ਸੀ। ਪਹਿਲੀ ਅਪਰੈਲ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਜੀਤ ਸਿੰਘ ਭੱਠਲ ਦਾ ਮਿਡਲ ‘ਆਲ੍ਹਣੇ’ ਅੰਧਾ-ਧੁੰਦ ਅਤੇ ਬਿਨਾਂ ਸੋਚੇ ਸਮਝੇ ਕੀਤੇ ਜਾ ਰਹੇ ਪਰਵਾਸ ਲਈ ਹਾਅ ਦਾ ਨਾਅਰਾ ਮਾਰਦਾ ਹੈ। 28 ਮਾਰਚ ਦੇ ਸੰਪਾਦਕੀ ‘ਬਲਾਤਕਾਰ ਫਿਰ ਕਿੰਝ ਰੁਕਣਗੇ’ ਵਿੱਚ ਜੋ ਸਵਾਲ ਕੀਤਾ ਗਿਆ ਹੈ, ਉਸ ਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਜਦੋਂ ਇਨਸਾਫ਼ ਕਰਨ ਵਾਲੀਆਂ ਅਦਾਲਤਾਂ ਅਤੇ ਜੱਜਾਂ ਦਾ ਵਿਹਾਰ ਗੜਬੜਾ ਰਿਹਾ ਹੈ ਤਾਂ ਬਲਾਤਕਾਰ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਇਨਸਾਫ਼ ਦੀ ਝਾਕ ਰੱਖਣੀ ਨਿਰਾਰਥਕ ਹੈ। ਉੱਤਰ ਪ੍ਰਦੇਸ਼ ਵਿੱਚ ਨਾਬਾਲਗ ਲੜਕੀ ਨਾਲ ਵਾਪਰੀ ਘਟਨਾ ਬਾਰੇ ਹਾਈ ਕੋਰਟ ਦੇ ਜੱਜ ਦਾ ਉਸ ਘਟਨਾ ਨੂੰ ਮਾਮੂਲੀ ਘਟਨਾ ਦੱਸਣਾ ਬਹੁਤ ਦੁਖਦਾਈ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਇਨਸਾਫ਼ ਦੀ ਲੜਾਈ
2 ਅਪਰੈਲ ਨੂੰ ਛਪਿਆ ਬਲਦੇਵ ਸਿੰਘ ਬੱਲੀ ਦਾ ਲੇਖ ‘ਇਮਦਾਦ’ ਜਬਰ ਖ਼ਿਲਾਫ਼ ਰੋਹ ਅਤੇ ਇਨਸਾਫ਼ ਦੀ ਲੜਾਈ ਨੂੰ ਦਰਸਾਉਂਦਾ ਹੈ। ਪਹਿਲੀ ਅਪਰੈਲ ਨੂੰ ਡਾ. ਗੁਰਜੀਤ ਸਿੰਘ ਦਾ ਲੇਖ ‘ਆਲ੍ਹਣੇ’ ਪੰਜਾਬ ਵਿੱਚ ਹੋ ਰਹੇ ਪਰਵਾਸ ਅਤੇ ਪਰਿਵਾਰਕ ਤਬਦੀਲੀ ਦੀ ਝਲਕ ਪੇਸ਼ ਕਰਦਾ ਹੈ। ਪੰਜਾਬ ਸਰਕਾਰ ਨੂੰ ਚੰਗੇ ਰੁਜ਼ਗਾਰ ਵਾਲਾ ਅਤੇ ਬਿਹਤਰ ਮਾਹੌਲ ਸਿਰਜਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਆਪਣੇ ਆਲ੍ਹਣੇ ਖਾਲੀ ਨਾ ਕਰਨ। 29 ਮਾਰਚ ਨੂੰ ਸਤਰੰਗ ਅੰਕ ’ਚ ਕੁਲਦੀਪ ਸਿੰਘ ਸਾਹਿਲ ਦਾ ਲੇਖ ‘ਰੂਹ ਦੀ ਖ਼ੁਰਾਕ ਹਨ ਖੁਸ਼ੀਆਂ’ ਪੜ੍ਹਿਆ। ਕੌਮਾਂਤਰੀ ਖੁਸ਼ੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਦੁਨੀਆ ਭਰ ਵਿੱਚ ਖੁਸ਼ਹਾਲੀ ਨੂੰ ਹੁਲਾਰਾ ਦੇਣਾ ਹੈ। 27 ਮਾਰਚ ਦੇ ਨਜ਼ਰੀਆ ਪੰਨੇ ’ਤੇ ਕੇਪੀ ਰੁਪਾਣਾ ਦਾ ਲੇਖ ‘ਨੁਹਾਰ’ ਪੜ੍ਹਿਆ। ਇਹ ਲਿਖਤ ਇੱਕ ਸੱਚੇ ਅਧਿਆਪਕ ਦੀ ਇਮਾਨਦਾਰੀ ਅਤੇ ਇੱਕ ਮਿਹਨਤੀ ਵਿਦਿਆਰਥਣ ਦੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਹੈ। ਇਹ ਰਚਨਾ ਪ੍ਰੇਰਨਾ ਦੇਣ ਵਾਲੀ ਹੈ। 25 ਮਾਰਚ ਨੂੰ ਗੁਰਪ੍ਰੀਤ ਸਿੰਘ ਨਾਭਾ ਦਾ ਲੇਖ ‘ਨਸ਼ਿਆਂ ਖ਼ਿਲਾਫ਼ ਮੁਹਿੰਮ’ ਇਸ ਮਸਲੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਾ ਹੈ। ਲੇਖਕ ਦਾ ਮੰਨਣਾ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਵਿਗਿਆਨਕ ਸੋਚ ਅਤੇ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਤਬਾਹੀ ਤੋਂ ਬਚਿਆ ਜਾ ਸਕੇ।
ਗੁਰਿੰਦਰਪਾਲ ਸਿੰਘ, ਰਾਜਪੁਰਾ