ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨਹੀਂ ਬਦਲ ਸਕਦਾ ਭਾਰਤ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਲੋਕ ਸਭਾ ’ਚ ਬੋਲਦਿਆਂ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ’ਤੇ ਹਮਲੇ ਦੀਆਂ ਘਟਨਾਵਾਂ ਨੂੰ ਉਭਾਰਿਆ।
ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਘੱਟਗਿਣਤੀਆਂ ਨਾਲ ਹੋ ਰਹੇ ਸਲੂਕ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਰ ਦੇਸ਼ (ਭਾਰਤ) ਕਿਸੇ ਗੁਆਂਢੀ ਮੁਲਕ ਦੀ ‘ਕੱਟੜ ਮਾਨਸਿਕਤਾ’ ਨੂੰ ਨਹੀਂ ਬਦਲ ਸਕਦਾ। ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਪਾਕਿਸਤਾਨ ’ਚ ਫਰਵਰੀ ਮਹੀਨੇ ਹਿੰਦੂਆਂ ’ਤੇ ਹੋਏ ਹਮਲਿਆਂ ਦੀਆਂ 10 ਘਟਨਾਵਾਂ ਦਾ ਹਵਾਲਾ ਦਿੱਤਾ। ਵਿਦੇਸ਼ ਮੰਤਰੀ ਨੇ ਸਿੱਖ, ਇਸਾਈ ਤੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਨਾਲ ਵਧੀਕੀ ਦੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਘੱਟਗਿਣਤੀ ਭਾਈਚਾਰਿਆਂ ਨਾਲ ਵਧੀਕੀਆਂ ਦੇ ਅਜਿਹੇ ਮਾਮਲੇ ਕੌਮਾਂਤਰੀ ਪੱਧਰ ਵੀ ਉਠਾ ਰਿਹਾ ਹੈ। ਜੈਸ਼ੰਕਰ ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘‘ਬੰਗਲਾਦੇਸ਼ ਵਿੱਚ ਸਾਲ 2024 ’ਚ ਘੱਟਗਿਣਤੀਆਂ ’ਤੇ ਹਮਲੇ ਦੇ 2,400 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਸਾਲ ਹੁਣ ਤੱਕ ਅਜਿਹੀਆਂ 72 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਮੈਂ ਆਪਣੇ ਬੰਗਲਦੇਸ਼ੀ ਹਮਰੁਤਬਾ ਕੋਲ ਇਹ ਮਾਮਲਾ ਉਠਾਇਆ ਸੀ। ਇਹ ਸਰਕਾਰ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।’’
ਇਸ ਦੌਰਾਨ ਇੱਕ ਹੋਰ ਸਵਾਲ ਕਿ ਕੀ ਭਾਰਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪਾਕਿਸਤਾਨ ਖ਼ਿਲਾਫ਼ ਰੁਖ਼ ਵਾਂਗ ਕਰਵਾਈ ਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ?, ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇੱਕ ਸਰਕਾਰ ਤੇ ਦੇਸ਼ ਵਜੋਂ ਅਸੀਂ ਇੱਕ ਗੁਆਂਢੀ ਦੀ ਕੱਟੜ ਮਾਨਸਿਕਤਾ ਨੂੰ ਨਹੀਂ ਬਦਲ ਸਕਦੇ। ਇੱਥੋਂ ਤੱਕ ਇੰਦਰਾ ਗਾਂਧੀ ਵੀ ਅਜਿਹਾ ਨਹੀਂ ਕਰ ਸਕੀ ਸੀ।’’ -ਪੀਟੀਆਈ